ਸਰਕਾਰ ਨੇ ਦਿੱਤੀ ਅਟਲ ਪੈਨਸ਼ਨ ਯੋਜਨਾ ਦੇ ਗਾਹਕਾਂ ਨੂੰ ਵੱਡੀ ਰਾਹਤ
Wednesday, Aug 26, 2020 - 10:03 PM (IST)
ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਕਾਰਨ ਆਰਥਿਕ ਮੰਦੀ ਅਤੇ ਨੌਕਰੀ ਜਾਣ ਦੀਆਂ ਖਬਰਾਂ ਵਿਚਕਾਰ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਤਹਿਤ ਪੈਨਸ਼ਨ ਚਾਹੁਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਹੈ।
ਖ਼ੁਸ਼ਖ਼ਬਰੀ ਇਹ ਹੈ ਕਿ ਅਪ੍ਰੈਲ ਤੋਂ ਅਗਸਤ 2020 ਤੱਕ ਦੇ ਲੰਬਿਤ ਯੋਗਦਾਨ ਦਾ ਭੁਗਤਾਨ 30 ਸਤੰਬਰ 2020 ਤੱਕ ਬਿਨਾਂ ਕਿਸੇ ਜੁਰਮਾਨੇ ਦੇ ਕੀਤਾ ਜਾ ਸਕਦਾ ਹੈ।
ਇਸ ਯੋਜਨਾ ਤਹਿਤ ਯੋਗਦਾਨ ਗਾਹਕ ਦੇ ਬਚਤ ਖਾਤੇ ਜਾਂ ਡਾਕਘਰ ਬਚਤ ਬੈਂਕ ਖਾਤੇ 'ਚੋਂ ਖੁਦ-ਬ-ਖੁਦ ਕੱਟੇ ਜਾਣ ਦੀ ਸੂਹਲਤ ਨਾਲ ਮਹੀਨਾਵਾਰ ਜਾਂ ਤਿਮਾਹੀ ਜਾਂ ਫਿਰ 6 ਮਹੀਨੇ ਦੇ ਅੰਤਰਾਲ ਨਾਲ ਦਿੱਤਾ ਜਾ ਸਕਦਾ ਹੈ। ਯੋਗਦਾਨ ਦੀ ਰਕਮ ਗਾਹਕ ਦੀ ਇਸ 'ਚ ਸ਼ਾਮਲ ਹੋਣ ਦੀ ਉਮਰ ਅਤੇ ਮਹੀਨਾਵਾਰ ਪੈਨਸ਼ਨ ਦੀ ਚੋਣ 'ਤੇ ਨਿਰਭਰ ਕਰਦੀ ਹੈ।
ਸਰਕਾਰ ਨੇ ਇਹ ਯੋਜਨਾ ਖ਼ਾਸਕਰ ਗੈਰ ਸੰਗਠਿਤ 'ਚ ਕੰਮ ਕਰਦੇ ਮਜ਼ਦੂਰਾਂ, ਡਰਾਈਵਰਾਂ, ਮਾਲੀ ਆਦਿ ਨੂੰ ਫਾਇਦਾ ਪਹੁੰਚਣ ਲਈ ਤਿਆਰ ਕੀਤੀ ਸੀ। ਇਹ ਨੌਜਵਾਨਾਂ 'ਚ ਕਾਫ਼ੀ ਪ੍ਰਚਲਿੱਤ ਹੋਈ ਹੈ। ਇਸ ਸਕੀਮ ਦੇ ਜ਼ਿਆਦਾਤਰ ਗਾਹਕ 21 ਤੋਂ 25 ਸਾਲ ਦੀ ਉਮਰ ਦੇ ਹਨ। ਇਸ ਯੋਜਨਾ ਨਾਲ 18 ਤੋਂ 40 ਸਾਲ ਤੱਕ ਦੀ ਉਮਰ ਵਾਲਾ ਜੁੜ ਸਕਦਾ ਹੈ, ਜਿਸ 'ਚ 60 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 1,000 ਰੁਪਏ ਅਤੇ ਵੱਧ ਤੋਂ ਵੱਧ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਵਿਵਸਥਾ ਕੀਤੀ ਗਈ ਹੈ।