ਵਿਦੇਸ਼ ਤੋਂ ਨਹੀਂ ਮੰਗਵਾ ਸਕੋਗੇ 'ਗਿਫਟ', ਇਨ੍ਹਾਂ ਲੋਕਾਂ ਨੂੰ ਲੱਗਾ ਝਟਕਾ
Monday, Jul 15, 2019 - 01:41 PM (IST)

ਨਵੀਂ ਦਿੱਲੀ— ਗਿਫਟਾਂ ਦੇ ਨਾਂ 'ਤੇ 'ਤੇ ਹੁਣ ਇੰਪੋਰਟ ਡਿਊਟੀ ਤੋਂ ਬਚਣਾ ਮੁਸ਼ਕਲ ਹੋਵੇਗਾ। ਬੇਂਗਲੁਰੂ ਅਤੇ ਦਿੱਲੀ ਕਸਟਮਸ ਦੇ ਕੋਰੀਅਰ ਟਰਮੀਨਲਾਂ ਨੇ 'ਗਿਫਟ' ਰਸਤੇ ਰਾਹੀਂ ਭੇਜੇ ਜਾ ਰਹੇ ਪਾਰਸਲਾਂ ਨੂੰ ਮਨਜ਼ੂਰੀ ਦੇਣੀ ਬੰਦ ਕਰ ਦਿੱਤੀ ਹੈ। ਤਕਰੀਬਨ ਛੇ ਮਹੀਨੇ ਪਹਿਲਾਂ ਮੁੰਬਈ ਕਸਟਮਸ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਸੀ। ਇਸ ਨਾਲ ਉਨ੍ਹਾਂ ਲੋਕਾਂ ਨੂੰ ਝਟਕਾ ਲੱਗੇਗਾ, ਜੋ ਪਾਰਸਲ ਰਾਹੀਂ ਬਿਨਾਂ ਡਿਊਟੀ ਵਿਦੇਸ਼ੀ ਗਿਫਟ ਪ੍ਰਾਪਤ ਕਰ ਰਹੇ ਸਨ।
ਭਾਰਤ 'ਚ ਮੌਜੂਦਾ ਨਿਯਮਾਂ ਮੁਤਾਬਕ, ਬਾਹਰੋਂ ਪਾਰਸਲ ਜ਼ਰੀਏ 5,000 ਰੁਪਏ ਤਕ ਦੇ ਮੁੱਲ ਦਾ ਗਿਫਟ ਪ੍ਰਾਪਤ ਹੋਣ 'ਤੇ ਕਸਟਮ ਡਿਊਟੀ ਨਹੀਂ ਲੱਗਦੀ ਹੈ। ਹਾਲਾਂਕਿ ਕਿਸੇ ਨੂੰ ਮਿਲਣ ਵਾਲੇ ਗਿਫਟਾਂ ਦੀ ਗਿਣਤੀ 'ਤੇ ਕੋਈ ਲਿਮਟ ਨਹੀਂ ਹੈ, ਜਿਸ ਕਾਰਨ ਵਿਦੇਸ਼ੀ ਈ-ਕਾਮਰਸ ਵਿਕਰੇਤਾ ਇਸ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ। ਇਸ ਨੂੰ ਦੇਖਦੇ ਹੋਏ ਹੁਣ ਬਿਨਾਂ ਡਿਊਟੀ ਦੇ ਆਉਣ ਵਾਲੇ ਗਿਫਟਾਂ 'ਤੇ ਲਗਾਮ ਕੱਸ ਦਿੱਤੀ ਗਈ ਹੈ।
ਹੁਣ 'ਗਿਫਟ ਤੇ ਸੈਂਪਲ' ਰਸਤੇ ਤਹਿਤ ਆਉਣ ਵਾਲੇ ਪਾਰਸਲਾਂ ਨੂੰ ਮੁੰਬਈ, ਬੇਂਗਲੁਰੂ ਤੇ ਦਿੱਲੀ 'ਚ ਮਨਜ਼ੂਰੀ ਨਹੀਂ ਮਿਲ ਰਹੀ ਹੈ, ਜਦੋਂ ਕਿ ਚੇਨਈ ਕਸਟਮਸ ਵੀ ਇਸ ਤਰ੍ਹਾਂ ਦੀ ਕਾਰਵਾਈ ਦਾ ਵਿਚਾਰ ਕਰ ਰਿਹਾ ਹੈ। ਦਿੱਲੀ 'ਚ ਸਿਰਫ ਉਨ੍ਹਾਂ ਪਾਰਸਲਾਂ ਨੂੰ ਹਰੀ ਝੰਡੀ ਮਿਲ ਰਹੀ ਹੈ, ਜੋ ਗਿਫਟ ਵਜੋਂ ਨਹੀਂ ਹਨ। ਇਸੇ ਤਰ੍ਹਾਂ ਦੀ ਕਾਰਵਾਈ ਮੁੰਬਈ ਅਤੇ ਬੇਂਗਲੁਰ 'ਚ ਵੀ ਕੀਤੀ ਗਈ ਹੈ ਪਰ ਇਹ ਸਿਰਫ 'ਸੀ. ਬੀ.-12 ਗਿਫਟ ਤੇ ਸੈਂਪਲਸ' ਦੀ ਸ਼ਿਪਮੈਂਟ ਤਕ ਸੀਮਤ ਹੈ।
ਇਹ ਕਾਰਵਾਈ ਉਸ ਵਕਤ ਸ਼ੁਰੂ ਕੀਤੀ ਗਈ ਹੈ ਜਦੋਂ 'ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮਸ ਬੋਰਡ (ਸੀ. ਬੀ. ਆਈ. ਸੀ.) ਸੀ. ਬੀ.-12 ਨਿਯਮਾਂ 'ਚ ਸੋਧ ਕਰਨ ਦਾ ਵਿਚਾਰ ਕਰ ਰਿਹਾ ਹੈ, ਤਾਂ ਕਿ ਕਿਸੇ ਨੂੰ ਵਿਦੇਸ਼ ਤੋਂ ਮਿਲਣ ਵਾਲੇ ਗਿਫਟਾਂ ਦੀ ਗਿਣਤੀ ਸੀਮਤ ਕੀਤੀ ਜਾ ਸਕੇ। ਸੂਤਰਾਂ ਮੁਤਾਬਕ, ਸਰਕਾਰ ਕਸਟਮਸ ਨਿਯਮਾਂ 'ਚ ਵੱਡੀ ਤਬਦੀਲੀ ਕਰਨ ਦਾ ਵਿਚਾਰ ਕਰ ਰਹੀ ਹੈ।