Auto Expo ਤੋਂ ਪਹਿਲਾਂ ਨਿਤਿਨ ਗਡਕਰੀ ਦਾ ਵੱਡਾ ਐਲਾਨ, ਭਾਰਤ ਦਾ ਆਟੋ ਸੈਕਟਰ ਇੰਝ ਬਣੇਗਾ ਦੁਨੀਆ ਦੀ ਸ਼ਾਨ

Friday, Jan 10, 2025 - 05:59 AM (IST)

Auto Expo ਤੋਂ ਪਹਿਲਾਂ ਨਿਤਿਨ ਗਡਕਰੀ ਦਾ ਵੱਡਾ ਐਲਾਨ, ਭਾਰਤ ਦਾ ਆਟੋ ਸੈਕਟਰ ਇੰਝ ਬਣੇਗਾ ਦੁਨੀਆ ਦੀ ਸ਼ਾਨ

ਬਿਜਨੈੱਸ ਡੈਸਕ - ਇੰਡੀਆ ਮੋਬਿਲਿਟੀ ਗਲੋਬਲ ਐਕਸਪੋ (ਆਟੋ ਐਕਸਪੋ 2025) ਵਿੱਚ ਹਿੱਸਾ ਲੈਣ ਲਈ ਦੁਨੀਆ ਦੇ 50 ਤੋਂ ਵੱਧ ਦੇਸ਼ ਆ ਰਹੇ ਹਨ। 17 ਜਨਵਰੀ ਤੋਂ 22 ਜਨਵਰੀ ਤੱਕ ਚੱਲਣ ਵਾਲੇ ਆਟੋ ਇੰਡਸਟਰੀ ਦੇ ਇਸ ਸਭ ਤੋਂ ਵੱਡੇ ਸਮਾਗਮ ਤੋਂ ਪਹਿਲਾਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਇਹ ਬਿਆਨ ਦੁਨੀਆ ਦੇ ਆਟੋ ਸੈਕਟਰ 'ਚ ਖਲਬਲੀ ਪੈਦਾ ਕਰਨ, ਖਾਸਕਰ ਚੀਨ ਨੂੰ ਚੁਣੌਤੀ ਦੇਣ ਦੀ ਤਾਕਤ ਰੱਖਦਾ ਹੈ। ਆਖਿਰ ਕੀ ਕਿਹਾ ਨਿਤਿਨ ਗਡਕਰੀ ਨੇ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਮੱਧ ਪ੍ਰਦੇਸ਼ ਦੇ ਧਾਰ ਵਿੱਚ ਬੋਲ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਰਤ ਦੇ ਆਟੋ ਸੈਕਟਰ ਨੂੰ ਦੁਨੀਆ 'ਚ ਪਹਿਲੇ ਸਥਾਨ 'ਤੇ ਲਿਜਾਇਆ ਜਾਵੇ। ਅੱਜ ਭਾਰਤ ਦੁਨੀਆ ਵਿੱਚ ਆਟੋਮੋਬਾਈਲ ਨਿਰਮਾਣ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।

ਸੱਤਵੇਂ ਸਥਾਨ ਤੋਂ ਤੀਜੇ ਸਥਾਨ 'ਤੇ ਪਹੁੰਚਿਆ
ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਦੇ ਆਟੋਮੋਬਾਈਲ ਸੈਕਟਰ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ, ਅੱਜ ਭਾਰਤ ਆਟੋ ਸੈਕਟਰ ਦੇ ਮਾਮਲੇ ਵਿੱਚ ਦੁਨੀਆ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡਾ ਉਦੇਸ਼ ਭਾਰਤ ਨੂੰ ਇਸ ਖੇਤਰ ਵਿੱਚ ਨੰਬਰ-1 ਬਣਾਉਣਾ ਹੈ।

ਨਿਤਿਨ ਗਡਕਰੀ ਇੱਥੇ ਨੈਸ਼ਨਲ ਆਟੋਮੋਟਿਵ ਟੈਸਟ ਟਰੈਕਸ (ਨੈਟਰੈਕਸ) ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,...ਸਾਡਾ ਨੰਬਰ ਦੁਨੀਆ 'ਚ ਸੱਤਵਾਂ ਸੀ ਪਰ ਅੱਜ ਅਸੀਂ ਆਟੋ ਸੈਕਟਰ 'ਚ ਤੀਜੇ ਨੰਬਰ 'ਤੇ ਹਾਂ। ਅਸੀਂ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਅਤੇ ਹੁਣ ਅਸੀਂ ਤੀਜੇ ਸਥਾਨ 'ਤੇ ਹਾਂ। ਨਿਤਿਨ ਗਡਕਰੀ ਨੇ ਕਿਹਾ ਕਿ ਇਸ ਰੈਂਕਿੰਗ ਵਿੱਚ ਭਾਰਤ ਤੋਂ ਸਿਰਫ਼ ਅਮਰੀਕਾ ਅਤੇ ਚੀਨ ਹੀ ਅੱਗੇ ਹਨ। ਅਮਰੀਕਾ ਵਿੱਚ ਆਟੋ ਸੈਕਟਰ ਦਾ ਆਕਾਰ 78 ਲੱਖ ਕਰੋੜ ਰੁਪਏ ਹੈ। ਜਦੋਂ ਕਿ ਚੀਨ ਵਿੱਚ ਇਸਦੀ ਕੀਮਤ 47 ਲੱਖ ਕਰੋੜ ਰੁਪਏ ਹੈ।

ਕਰੋੜਾਂ ਨੌਕਰੀਆਂ ਪੈਦਾ ਕੀਤੀਆਂ
ਕੇਂਦਰੀ ਮੰਤਰੀ ਨੇ ਕਿਹਾ, “ਜਦੋਂ ਮੈਂ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਇਸ ਸੈਕਟਰ ਦਾ ਆਕਾਰ 7.5 ਲੱਖ ਕਰੋੜ ਰੁਪਏ ਸੀ। ਅੱਜ ਆਟੋ ਸੈਕਟਰ 22 ਲੱਖ ਕਰੋੜ ਰੁਪਏ ਦਾ ਹੈ…ਅਤੇ ਇਹ ਉਹ ਉਦਯੋਗ ਹੈ ਜਿਸ ਨੇ ਹੁਣ ਤੱਕ 4.5 ਕਰੋੜ ਨੌਕਰੀਆਂ ਪੈਦਾ ਕੀਤੀਆਂ ਹਨ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।

ਨਿਤਿਨ ਗਡਕਰੀ ਨੇ ਕਿਹਾ ਕਿ ਇਹ ਆਟੋ ਉਦਯੋਗ ਹੈ ਜੋ ਰਾਜ ਸਰਕਾਰ ਅਤੇ ਭਾਰਤ ਸਰਕਾਰ ਨੂੰ ਜੀ.ਐਸ.ਟੀ. ਦੇ ਹਿੱਸੇ ਵਜੋਂ ਸਭ ਤੋਂ ਵੱਧ ਮਾਲੀਆ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਦਯੋਗ ਦੀ ਬਰਾਮਦ ਵੱਧ ਤੋਂ ਵੱਧ ਹੈ। 'ਸਾਡਾ ਸੁਪਨਾ ਭਾਰਤ ਦੇ ਆਟੋ ਸੈਕਟਰ ਨੂੰ ਦੁਨੀਆ 'ਚ ਨੰਬਰ ਇਕ ਬਣਾਉਣਾ ਹੈ।


author

Inder Prajapati

Content Editor

Related News