ਸਟੀਲ ਸੈਕਟਰ ’ਚ ਭਾਰਤ ਦੀ ਸੁਪਰਫਾਸਟ ਗ੍ਰੋਥ! ਬਰਾਮਦ ’ਚ ਲਾਈ ਵੱਡੀ ਛਲਾਂਗ

Wednesday, Mar 11, 2026 - 04:03 AM (IST)

ਸਟੀਲ ਸੈਕਟਰ ’ਚ ਭਾਰਤ ਦੀ ਸੁਪਰਫਾਸਟ ਗ੍ਰੋਥ! ਬਰਾਮਦ ’ਚ ਲਾਈ ਵੱਡੀ ਛਲਾਂਗ

ਨਵੀਂ ਦਿੱਲੀ - ਭਾਰਤ ਸਟੀਲ ਸੈਕਟਰ ’ਚ ਲਗਾਤਾਰ ਝੰਡੇ ਗੱਡ ਰਿਹਾ ਹੈ। ਖ਼ਾਸ ਗੱਲ ਤਾਂ ਇਹ ਹੈ ਕਿ ਭਾਰਤ ਦੀ ਸਟੀਲ ਬਰਾਮਦ ਮੌਜੂਦਾ ਮਾਲੀ ਸਾਲ ਦੇ 11 ਮਹੀਨਿਆਂ ’ਚ 36 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ। ਨਾਲ ਹੀ ਭਾਰਤ ਨੇ ਸਟੀਲ ਦੀ ਦਰਾਮਦ ਵੀ ਕਾਫੀ ਘੱਟ ਕਰ ਦਿੱਤੀ ਹੈ।

ਅੰਕੜਿਆਂ ਨੂੰ ਦੇਖੀਏ ਤਾਂ 11 ਮਹੀਨਿਆਂ ’ਚ ਸਟੀਲ ਦੀ ਦਰਾਮਦ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦਰਾਮਦ ’ਚ ਇਹ ਗਿਰਾਵਟ 37 ਫੀਸਦੀ ਤੋਂ ਜ਼ਿਆਦਾ ਦੇਖਣ ਨੂੰ ਮਿਲੀ ਹੈ। ਉੱਥੇ ਹੀ, ਖਪਤ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਕ ਮੀਡੀਆ ਚੈਨਲ ਦੀ ਰਿਪੋਰਟ ਅਨੁਸਾਰ ਮਾਲੀ ਸਾਲ ਦੇ ਪਹਿਲੇ 11 ਮਹੀਨਿਆਂ ’ਚ ਭਾਰਤ ਦੀ ਫਿਨਿਸ਼ਡ ਸਟੀਲ ਬਰਾਮਦ ’ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਨੂੰ ਵੇਖੀਏ ਤਾਂ ਫਿਨਿਸ਼ਡ ਸਟੀਲ ਬਰਾਮਦ ’ਚ ਸਾਲ-ਦਰ-ਸਾਲ 36. 6 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਭਾਰਤ ਦੀ ਇਸ ਕੈਟਾਗਰੀ ਦੀ ਸਟੀਲ ਬਰਾਮਦ ਵਧ ਕੇ 6.02 ਮਿਲੀਅਨ ਮੀਟ੍ਰਿਕ ਟਨ ਹੋ ਗਈ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਇਸ ਬਰਾਮਦ ’ਚ ਹੋਰ ਵਾਧਾ ਵੇਖਣ ਨੂੰ ਮਿਲ ਸਕਦਾ ਹੈ।

ਦਰਾਮਦ ’ਚ ਆਈ ਕਮੀ
ਉੱਥੇ ਹੀ, ਦੂਜੇ ਪਾਸੇ ਭਾਰਤ ਨੇ ਫਿਨਿਸ਼ਡ ਸਟੀਲ ਦਰਾਮਦ ’ਚ ਭਾਰੀ ਗਿਰਾਵਟ ਕੀਤੀ ਹੈ। ਰਿਪੋਰਟ ’ਚ ਅੰਕੜਿਆਂ ਤੋਂ ਪਤਾ ਲੱਗਾ ਕਿ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਰੂਡ ਸਟੀਲ ਨਿਰਮਾਤਾ ਭਾਰਤ ਨੇ ਅਪ੍ਰੈਲ-ਫਰਵਰੀ ਦੌਰਾਨ 5.6 ਮਿਲੀਅਨ ਮੀਟ੍ਰਿਕ ਟਨ ਫਿਨਿਸ਼ਡ ਸਟੀਲ ਦਰਾਮਦ ਕੀਤੀ। ਇਸ ਦਾ ਮਤਲਬ ਹੈ ਕਿ ਇਸ ਦਰਾਮਦ ’ਚ ਸਾਲ-ਦਰ-ਸਾਲ 37.4 ਫੀਸਦੀ ਕਮੀ ਆਈ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਭਾਰਤ ਨੇ ਸਟੀਲ ਦੇ ਉਤਪਾਦਨ ’ਚ ਵਾਧਾ ਕੀਤਾ ਹੈ, ਜਿਸ ਕਾਰਨ ਭਾਰਤ ਵੱਲੋਂ ਦਰਾਮਦ ’ਚ ਕਮੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ’ਚ ਸਟੀਲ ਦਰਾਮਦ ’ਚ ਹੋਰ ਵੀ ਕਮੀ ਵੇਖਣ ਨੂੰ ਮਿਲ ਸਕਦੀ ਹੈ।

ਉਤਪਾਦਨ ’ਚ ਵਾਧਾ
ਰਿਪੋਰਟ ਅਨੁਸਾਰ ਸਟੀਲ ਦੇ ਉਤਪਾਦਨ ’ਚ ਚੋਖੀ ਤੇਜ਼ੀ ਵੇਖੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਿਆਦ ’ਚ ਭਾਰਤ ਦਾ ਕਰੂਡ ਸਟੀਲ ਉਤਪਾਦਨ ਸਾਲ-ਦਰ-ਸਾਲ 11.2 ਫੀਸਦੀ ਵਧ ਕੇ 153.61 ਮਿਲੀਅਨ ਮੀਟ੍ਰਿਕ ਟਨ ਹੋ ਗਿਆ। ਅੰਕੜਿਆਂ ਤੋਂ ਪਤਾ ਲੱਗਾ ਕਿ ਇਸ ਸਮੇਂ ਦੌਰਾਨ ਫਿਨਿਸ਼ਡ ਸਟੀਲ ਦੀ ਖਪਤ 7.2 ਫੀਸਦੀ ਵਧ ਕੇ 147.7 ਮਿਲੀਅਨ ਮੀਟ੍ਰਿਕ ਟਨ ਹੋ ਗਈ। ਸਰਕਾਰ ਮਹੀਨੇ ਦੇ ਅਖ਼ੀਰ ’ਚ ਦੇਸ਼-ਵਾਰ ਕਾਰੋਬਾਰ ਦਾ ਵੇਰਵਾ ਦੇਵੇਗੀ।


author

Inder Prajapati

Content Editor

Related News