ਰਸੋਈ ਈਂਧਨ ਦੇ ਰੂਪ ’ਚ ਮਿਥੇਨਾਲ ਦੀ ਵਰਤੋਂ ਦੀ ਤਿਆਰੀ

12/17/2018 10:42:42 PM

ਨਵੀਂ ਦਿੱਲੀ-ਨੀਤੀ ਆਯੋਗ ਦੇ ਮੈਂਬਰ ਵੀ. ਕੇ. ਸਾਰਸਵਤ ਨੇ ਕਿਹਾ ਕਿ ਸਵੱਛ ਈਂਧਨ ਦੇ ਰੂਪ ਵਿਚ ਮਿਥੇਨਾਲ ਨੂੰ ਘਰਾਂ ਵਿਚ ਖਾਣਾ ਪਕਾਉਣ ਦੇ ਈਂਧਨ ਨਾਲ ਟ੍ਰਾਂਸਪੋਰਟ ਈਂਧਨ ਦੇ ਰੂਪ ਵਿਚ ਵਰਤੋਂ ਲਈ ਉਤਸ਼ਾਹ ਦਿੱਤਾ ਜਾ ਰਿਹਾ ਹੈ।  ਆਯੋਗ ਮਿਥੇਨਾਲ ਨਾਲ ਚੱਲਣ ਵਾਲੇ 70,000 ਗੈਸ ਸਟੋਵ ਵੰਡਣ ਲਈ ਉੱਤਰ ਪ੍ਰਦੇਸ਼ ਅਤੇ ਆਸਾਮ ਨਾਲ ਗੱਲਬਾਤ ਕਰ ਰਿਹਾ ਹੈ। ਸਾਰਸਵਤ ਨੇ ਕਿਹਾ, ''ਆਸਾਮ ਤੋਂ ਬਾਅਦ ਅਸੀਂ ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ ਕੰਮ ਕਰ ਰਹੇ ਹਾਂ। 
ਪਹਿਲਾਂ ਪੂਰਬੀ ਉੱਤਰ ਪ੍ਰਦੇਸ਼ ਵਿਚ ਇਸ ਦੀ ਵੰਡ ਕੀਤੀ ਜਾਵੇਗੀ। ਉਸ ਤੋਂ ਬਾਅਦ ਮਹਾਰਾਸ਼ਟਰ ਵਿਚ ਇਸ ਦੀ ਵੰਡ ਹੋਵੇਗੀ। ’’ ਉਨ੍ਹਾਂ ਕਿਹਾ ਕਿ ਮਿਥੇਨਾਲ ਈਂਧਨ ਨਾਲ ਚੱਲਣ ਵਾਲਾ ਖਾਣਾ ਪਕਾਉਣ ਦਾ ਚੁੱਲ੍ਹਾ ਬਣਾਉਣ ਦਾ ਕਾਰਖਾਨਾ ਬੇਂਗਲੁਰੂ ਅਤੇ ਆਸਾਮ ਵਿਚ ਲਾਇਆ ਜਾਵੇਗਾ। ਇਸ ਦੇ ਲਈ ਤਕਨੀਕ ਸਵੀਡਨ ਤੋਂ ਲਈ ਗਈ ਹੈ। ਜਦੋਂ ਤੱਕ ਸਥਾਨਕ ਤੌਰ ਉੱਤੇ ਤਕਨੀਕ ਦਾ ਵਿਕਾਸ ਨਹੀਂ ਹੁੰਦਾ, ਵਪਾਰਕ ਵਰਤੋਂ ਲਈ ਵੱਡੇ ਸਟੋਵ ਦੀ ਦਰਾਮਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਪੈਟਰੋਲ ਵਿਚ 15 ਫ਼ੀਸਦੀ ਮਿਥੇਨਾਲ ਮਿਲਾਉਣ ਲਈ ਤਿਆਰ ਹੈ ਅਤੇ ਆਯੋਗ ਜਲਦੀ ਹੀ ਯਾਤਰੀ ਵਾਹਨਾਂ ਲਈ ਮਿਥੇਨਾਲ ਮਿਸ਼ਰਤ ਪੈਟਰੋਲ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਨੂੰ ਲੈ ਕੇ ਕੈਬਨਿਟ ਨੋਟ ਲਿਆਏਗਾ।  

60 ਬੱਸਾਂ ਚੱਲਣਗੀਆਂ ਮਿਥੇਨਾਲ ਨਾਲ 
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ 60 ਬੱਸਾਂ ਪੇਸ਼ ਕਰੇਗਾ ਜੋ ਮਿਥੇਨਾਲ ਨਾਲ ਚੱਲਣਗੀਆਂ। ਸ਼ੁਰੂ ਵਿਚ ਇਨ੍ਹਾਂ ਬੱਸਾਂ ਨੂੰ ਦਰਾਮਦ ਕੀਤਾ ਜਾਵੇਗਾ ਅਤੇ ਇਸ ਦੇ 6 ਮਹੀਨਿਆਂ ਵਿਚ ਸੜਕਾਂ ’ਤੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਭਾਰਤ 9 ਅਜਿਹੇ ਸਮੁੰਦਰੀ ਜਹਾਜਾਂ ਦਾ ਸੰਚਾਲਨ ਵੀ ਕਰੇਗਾ, ਜਿਸ ਵਿਚ ਈਂਧਨ ਦੇ ਰੂਪ ਵਿਚ ਮਿਥੇਨਾਲ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ 2022 ਤੱਕ ਸਾਡੇ ਕੋਲ ਕੋਲਾ ਆਧਾਰਿਤ ਮਿਥੇਨਾਲ ਉਤਪਾਦਨ ਹੋਵੇਗਾ। ਫਿਲਹਾਲ ਸਾਨੂੰ ਦਰਾਮਦ ਮਿਥੇਨਾਲ ਦੀ ਜ਼ਰੂਰਤ ਹੈ। ਇਸ ਦੇ ਲਈ ਪ੍ਰਕਿਰਿਆ ਜਾਰੀ ਹੈ।’’


Related News