ਪੰਜਾਬ ਸਣੇ ਹੋਰ ਰਾਜਾਂ ਦੇ ਹਸਪਤਾਲਾਂ ''ਚ ਆਕਸੀਜਨ ਪਲਾਂਟ ਲਾਏਗੀ ਨੈਸਲੇ
Monday, May 24, 2021 - 05:21 PM (IST)
ਨਵੀਂ ਦਿੱਲੀ- ਐੱਫ. ਐੱਮ. ਸੀ. ਜੀ ਸੈਕਟਰ ਦੀ ਪ੍ਰਮੁੱਖ ਕੰਪਨੀ ਨੇਸਲੈ ਇੰਡੀਆ ਨੇ ਦੇਸ਼ ਵਿਚ ਆਪਣੀਆਂ ਫੈਕਟਰੀਆਂ ਨੇੜੇ 5 ਹਸਪਤਾਲਾਂ ਵਿਚ ਆਕਸੀਜਨ ਪਲਾਂਟ ਲਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਸਹਿਯੋਗ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਜਾਣਕਾਰੀ ਵਿਚ ਕੰਪਨੀ ਨੇ ਕਿਹਾ ਕਿ ਉਹ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਕਰਨਾਟਕ ਅਤੇ ਗੋਆ ਵਿਚ ਆਪਣੀਆਂ ਫੈਕਟਰੀਆਂ ਨੇੜੇ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਲਾਉਣ ਦੀ ਪ੍ਰਕਿਰਿਆ ਵਿਚ ਹੈ।
ਨੇਸਲੈ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਰੇਸ਼ ਨਾਰਾਇਣ ਨੇ ਕਿਹਾ ਕਿ ਕੰਪਨੀ ਦੀ ਟੀਮ ਮਹਾਮਾਰੀ ਦੌਰਾਨ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਅਸੀਂ ਮੈਡੀਕਲ ਸਪਲਾਈ ਜਿਵੇਂ ਕਿ ਵੈਂਟੀਲੇਟਰਾਂ, ਮਾਸਕ, ਪੀ. ਪੀ. ਈ. ਕਿੱਟਾਂ, ਫੇਸ ਸ਼ੀਲਡ ਅਤੇ ਆਕਸੀਮੀਟਰਾਂ ਦੀ ਸਪਲਾਈ ਵਧਾਉਣ ਵਿਚ ਸਹਾਇਤਾ ਕੀਤੀ ਹੈ। ਨਰਾਇਣ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਦੇ ਮੱਦੇਨਜ਼ਰ ਸਾਡੀ ਟੀਮ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਕਰਨਾਟਕ ਅਤੇ ਗੋਆ ਵਿਚ ਸਾਡੀਆਂ ਫੈਕਟਰੀਆਂ ਨੇੜੇ ਪੰਜ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਲਗਾਉਣ ਦੀ ਪ੍ਰਕਿਰਿਆ ਵਿਚ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅਕਸ਼ੈ ਪਾਤਰਾ ਕੋਵਿਡ-19 ਰਾਹਤ ਕਾਰਜ ਵਿਚ ਸਹਿਯੋਗ ਜਾਰੀ ਰੱਖੇਗੀ। ਇਸ ਜ਼ਰੀਏ ਹੁਣ ਤੱਕ 20 ਲੱਖ ਤੋਂ ਵੱਧ ਖਾਣੇ ਦੀ ਸਪਲਾਈ ਕੀਤੀ ਜਾ ਚੁੱਕੀ ਹੈ।