ਡਬਲਯੂ. ਟੀ. ਓ. ਨੂੰ ਮਜ਼ਬੂਤ ਕਰਨ ਲਈ ਸਾਂਝੀ ਜ਼ਮੀਨ ਦੀ ਜ਼ਰੂਰਤ : ਪ੍ਰਭੂ

Wednesday, Mar 21, 2018 - 12:03 AM (IST)

ਡਬਲਯੂ. ਟੀ. ਓ. ਨੂੰ ਮਜ਼ਬੂਤ ਕਰਨ ਲਈ ਸਾਂਝੀ ਜ਼ਮੀਨ ਦੀ ਜ਼ਰੂਰਤ : ਪ੍ਰਭੂ

ਨਵੀਂ ਦਿੱਲੀ  (ਭਾਸ਼ਾ)-ਕੌਮਾਂਤਰੀ ਕਾਰਬਾਰ 'ਚ ਵਧਦੇ ਹਿਫਾਜ਼ਤਵਾਦ ਦੇ ਵਿਚਾਲੇ ਅੱਜ ਇੱਥੇ ਆਯੋਜਿਤ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੀ ਰਸਮੀ ਬੈਠਕ 'ਚ ਅਮਰੀਕਾ ਅਤੇ ਚੀਨ ਸਮੇਤ 52 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਭਾਰਤ ਨੇ ਡਬਲਯੂ. ਟੀ. ਓ. ਨੂੰ ਮੁੜ-ਸੁਰਜੀਤ ਕਰਨ ਦੇ ਬਦਲ ਲੱਭਣ ਲਈ ਇਹ ਬੈਠਕ ਸੱਦੀ ਹੈ।      
ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਬੈਠਕ 'ਚ ਨੁਮਾਇੰਦਿਆਂ ਦਾ ਸਵਾਗਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਸ ਬੈਠਕ 'ਚ ਹਿੱਸਾ ਲੈਣ ਵਾਲੇ ਦੇਸ਼ਾਂ ਨੂੰ ਸੁਤੰਤਰ ਤੇ ਖੁੱਲ੍ਹ ਕੇ ਸਲਾਹ-ਮਸ਼ਵਰੇ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਅੱਜ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਮੈਂਬਰਾਂ ਨੂੰ ਬਹੁਪੱਖੀ ਵਪਾਰ ਕਮੇਟੀ ਨੂੰ ਮਜ਼ਬੂਤ ਕਰਨ ਲਈ ਸਾਂਝੀ ਜ਼ਮੀਨ ਬਣਾਉਣ ਦੀ ਅਪੀਲ ਕੀਤੀ।  
ਦਸੰਬਰ 'ਚ ਬਿਊਨਸ ਆਇਰਸ 'ਚ ਹੋਈ ਮੰਤਰੀ ਪੱਧਰੀ ਬੈਠਕ 'ਚ ਵਿਰੋਧ ਕਾਰਨ ਇਸ ਦਿਸ਼ਾ 'ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਮੰਤਰਾਲਾ ਨੇ ਬਿਆਨ 'ਚ ਕਿਹਾ ਕਿ ਡਬਲਯੂ. ਟੀ. ਓ. ਦੇ ਡਾਇਰੈਕਟਰ ਜਨਰਲ ਰਾਬਰਟੋ ਏਜੇਵੇਦੋ ਸਮੇਤ 52 ਦੇਸ਼ਾਂ ਦੇ ਨੁਮਾਇੰਦੇ ਚਰਚਾ 'ਚ ਭਾਗ ਲੈ ਰਹੇ ਹਨ। ਇਸ ਬੈਠਕ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਉਸ ਨੇ ਸੰਮੇਲਨ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਹਿਫਾਜ਼ਤਵਾਦ ਨੂੰ ਲੈ ਕੇ ਚਿੰਤਾ ਪ੍ਰਗਟਾਉਂਦਿਆਂ ਰਾਬਰਟੋ ਏਜੇਵੇਦੋ ਨੇ ਕਿਹਾ, ''ਅਮਰੀਕਾ ਨੇ ਇਸਪਾਤ ਅਤੇ ਐਲੂਮੀਨੀਅਮ 'ਤੇ ਨਵੀਂ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਜਵਾਬ 'ਚ ਅਸੀਂ ਕਈ ਹੋਰ ਦੇਸ਼ਾਂ ਵੱਲੋਂ ਵੀ ਸੰਭਾਵੀ ਵਪਾਰ ਰੋਕਣ ਦੀ ਕਾਰਵਾਈ ਕਰਨ ਬਾਰੇ ਵੀ ਸੁਣਿਆ ਹੈ। ਇਹ ਵਾਕਈ ਚਿੰਤਾ ਦਾ ਵਿਸ਼ਾ ਹੈ।'' ਉਨ੍ਹਾਂ ਕਿਹਾ ਕਿ ਤਣਾਅ ਵਧਾਉਣ ਦੀ ਬਜਾਏ ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਦੇਸ਼ਾਂ ਨੂੰ ਕੌਮਾਂਤਰੀ ਵਪਾਰ 'ਚ ਰੁਕਾਵਟ ਪਾਉਣ ਵਾਲੇ ਮੁੱਦਿਆਂ ਨੂੰ ਹੱਲ ਕਰਨ ਦੇ ਤਰੀਕੇ ਲੱਭਣ ਦੀ ਜ਼ਰੂਰਤ ਹੈ।


Related News