ਡਰਾਈਵਿੰਗ ਸਮੇਂ ਰੂਟ ਦੇਖਣ ਲਈ ਯੂਜ਼ ਕਰ ਸਕੋਗੇ ਮੋਬਾਇਲ, ਜਾਣੋ ਨਵੇਂ ਨਿਯਮ
Sunday, Sep 27, 2020 - 01:34 PM (IST)
ਨਵੀਂ ਦਿੱਲੀ— ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਸਿਰਫ ਰਸਤਾ ਦੇਖਣ ਲਈ ਮੋਬਾਇਲ ਜਾਂ ਹੋਰ ਹੈਂਡ ਹੈਲਡ ਡਿਵਾਈਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਡਰਾਈਵਿੰਗ ਦੌਰਾਨ ਧਿਆਨ ਨਹੀਂ ਭਟਕਣਾ ਚਾਹੀਦਾ। ਹਾਲਾਂਕਿ, ਗੱਡੀ ਚਲਾਉਂਦੇ ਸਮੇਂ ਜੇਕਰ ਫੋਨ 'ਤੇ ਗੱਲ ਕਰਦੇ ਹੋ ਤਾਂ 1,000 ਰੁਪਏ ਤੋਂ 5,000 ਰੁਪਏ ਦਾ ਜੁਰਮਾਨਾ ਲੱਗੇਗਾ।
ਮੰਤਰਾਲਾ ਨੇ ਕਿਹਾ ਕਿ 'ਕੇਂਦਰੀ ਮੋਟਰ ਵਾਹਨ' ਨਿਯਮਾਂ 'ਚ ਸੋਧ ਕੀਤੀ ਗਈ ਹੈ। ਇਸ ਤਹਿਤ ਸਰਕਾਰ ਇਕ ਵੈੱਬ ਪੋਰਟਲ ਸਥਾਪਿਤ ਕਰਨ ਜਾ ਰਹੀ ਹੈ, ਜਿਸ 'ਚ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.), ਪਰਮਿਟ ਵਰਗੇ ਵਾਹਨਾਂ ਨਾਲ ਜੁੜੇ ਸਾਰੇ ਮਹੱਤਵਪੂਰਨ ਕਾਗਜ਼ਾਤਾਂ ਨੂੰ ਰੱਖਣ ਦੀ ਸਹੂਲਤ ਹੋਵੇਗੀ, ਇਸ ਨੂੰ ਸਮੇਂ ਸਮੇਂ 'ਤੇ ਅਪਡੇਟ ਕੀਤਾ ਜਾਂਦਾ ਰਹੇਗਾ। ਇਹ ਵੈੱਬ ਪੋਰਟਲ ਸਰਕਾਰ ਵੱਲੋਂ ਸਥਾਪਤ ਕੀਤਾ ਜਾ ਰਿਹਾ ਅਤੇ ਇਸ ਦੀ ਨਿਗਰਾਨੀ ਵੀ ਸਰਕਾਰ ਹੀ ਕਰੇਗੀ। ਇਸ ਪੋਰਟਲ ਦਾ ਇਸਤੇਮਾਲ ਲਾਇਸੈਂਸ, ਆਰ. ਸੀ. ਨੂੰ ਮੁਅੱਤਲ, ਰੱਦ ਕਰਨ, ਈ-ਚਾਲਾਨ ਜਾਰੀ ਕਰਨ ਸਮੇਤ ਹੋਰਨਾਂ ਅਪਰਾਧਾਂ ਨੂੰ ਰਿਕਾਰਡ ਕਰਨ ਲਈ ਵੀ ਕੀਤਾ ਜਾਏਗਾ।
ਮੰਤਰਾਲਾ ਮੁਤਾਬਕ, ਨਵੇਂ ਨਿਯਮ 1 ਅਕਤੂਬਰ 2020 ਤੋਂ ਲਾਗੂ ਹੋਣਗੇ। ਇਹ ਨਿਯਮ ਪਿਛਲੇ ਸਾਲ ਮੋਟਰ ਵਾਹਨ ਐਕਟ 'ਚ ਕੀਤੇ ਬਦਲਾਵਾਂ ਨਾਲ ਜੁੜੇ ਹਨ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਆਈ. ਟੀ. ਸੇਵਾਵਾਂ ਅਤੇ ਇਲੈਕਟ੍ਰਾਨਿਕ ਨਿਗਰਾਨੀ ਦੀ ਵਰਤੋਂ ਨਾਲ ਦੇਸ਼ 'ਚ ਟ੍ਰੈਫਿਕ ਨਿਯਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ ਅਤੇ ਡਰਾਈਵਰਾਂ ਨਾਲ ਹੋਣ ਵਾਲੀ ਧੱਕੇਸ਼ਾਹੀ ਦੂਰ ਕੀਤੀ ਜਾ ਸਕੇਗੀ। ਨਿਯਮਾਂ ਮੁਤਾਬਕ, ਪੁਲਸ ਅਧਿਕਾਰੀ ਵਾਹਨ ਨਾਲ ਸਬੰਧਤ ਕਿਸੇ ਵੀ ਦਸਤਾਵੇਜ਼ ਦੀ ਫਿਜੀਕਲ ਮੰਗ ਨਹੀਂ ਕਰ ਸਕਦਾ ਹੈ, ਜੇਕਰ ਦਸਤਾਵੇਜ਼ ਦੀ ਇਲੈਕਟ੍ਰਾਨਿਕ ਤਰੀਕੇ ਨਾਲ ਪ੍ਰਮਾਣਿਕਤਾ ਹੋ ਚੁੱਕੀ ਹੈ।