ਆਮਦਨੀ ਤੋਂ ਜ਼ਿਆਦਾ ਰੇਲਵੇ ਦਾ ਖਰਚਾ

01/07/2019 11:02:48 AM

ਨਵੀਂ ਦਿੱਲੀ — ਆਮਦਨੀ ਅਠਾਨੀ 'ਤੇ ਖਰਚਾ ਰੁਪਿਆ ਭਾਰਤੀ ਰੇਲਵੇ ਦਾ ਕੁਝ ਅਜਿਹਾ ਹੀ ਹਾਲ ਹੈ। ਸੂਤਰਾਂ ਮੁਤਾਬਕ ਰੇਲਵੇ ਦਾ ਆਪਰੇਟਿੰਗ ਰੇਸ਼ੋ 112 ਫੀਸਦੀ ਦੇ ਪੱਧਰ 'ਤੇ ਪਹੁੰਚ ਗਿਆ ਹੈ ਯਾਨੀ 100 ਰੁਪਏ ਕਮਾਉਣ ਵਾਲਾ ਰੇਲਵੇ ਵਿਭਾਗ ਦਾ ਖਰਚਾ ਵਧ ਕੇ 112 ਰੁਪਏ ਹੋ ਗਿਆ ਹੈ। ਆਮਦਨੀ ਵਧਾਉਣ ਲਈ ਰੇਲਵੇ ਫਲੈਕਸੀ ਫੇਅਰ ਤੋਂ ਲੈ ਕੇ ਡਾਇਨਾਮਿਕ ਪ੍ਰਾਇਸਿੰਗ ਤੱਕ ਦਾ ਫਾਰਮੂਲਾ ਅਪਣਾ ਚੁੱਕਾ ਹੈ, ਇਥੋਂ ਤੱਕ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਕਮੋਡਿਟੀਜ਼ ਦੇ ਕਿਰਾਏ ਵਿਚ ਵੀ ਵਾਧਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਭਾਰਤੀ ਰੇਲਵੇ ਵਿਭਾਗ ਘਾਟੇ ਤੋਂ ਨਿਕਲ ਨਹੀਂ ਸਕਿਆ ਹੈ। ਘੱਟ ਹੋ ਰਹੀ ਕਮਾਈ ਦਾ ਨਤੀਜਾ ਇਹ ਹੈ ਕਿ ਰੇਲਵੇ ਦਾ ਆਪਰੇਟਿੰਗ ਰੇਸ਼ੋ 112 ਦੇ ਪੱਧਰ 'ਤੇ ਪਹੁੰਚ ਗਿਆ ਹੈ।

ਇਸ ਕਾਰਨ ਰੇਲਵੇ ਵਿਭਾਗ ਨੂੰ ਹੋ ਰਿਹਾ ਘਾਟਾ

ਇਸ ਦਾ ਵੱਡਾ ਕਾਰਨ ਇਹ ਹੈ ਕਿ ਰੇਲਵੇ ਨੂੰ ਯਾਤਰੀ ਕਿਰਾਏ ਤੋਂ ਲਗਾਤਾਰ ਘਾਟਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਨਵੰਬਰ ਤੱਕ ਰੇਲਵੇ ਨੂੰ ਕੁੱਲ 1 ਲੱਖ 15 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋਈ ਜਦੋਂਕਿ ਟੀਚਾ 1 ਲੱਖ 22 ਹਜ਼ਾਰ ਕਰੋੜ ਰੁਪਏ ਦਾ ਸੀ। ਯਾਨੀ ਕਿ ਰੇਲਵੇ ਨੂੰ ਕਰੀਬ 7840 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਰੇਲ ਮੰਤਰੀ ਮੁਤਾਬਕ ਵਧ ਹੋ ਰਹੇ ਖਰਚੇ ਦਾ ਮੁੱਖ ਕਾਰਨ ਮਾਲ-ਢੁਆਈ 'ਚ ਕਮੀ, ਯਾਤਰੀ ਕਿਰਾਏ ਤੋਂ ਘੱਟ ਆਮਦਨ ਅਤੇ 7ਵੇਂ ਪੇ-ਕਮਿਸ਼ਨ ਕਾਰਨ ਰੇਲਵੇ 'ਤੇ ਪਿਆ ਵਾਧੂ 22 ਹਜ਼ਾਰ ਕਰੋੜ ਰੁਪਏ ਦਾ ਬੋਝ ਹੈ।
ਨਵੰਬਰ ਦੇ ਆਖਿਰ ਤੱਕ ਯਾਤਰੀ ਕਿਰਾਏ 'ਚ ਰੇਲਵੇ ਨੂੰ ਕਰੀਬ 700 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸਦੇ ਨਾਲ ਹੀ ਮਾਲ-ਢੁਆਈ ਜਿਹੜਾ ਕਿ ਰੇਲਵੇ ਦੀ ਆਮਦਨੀ ਦਾ ਮੁੱਖ ਅਤੇ ਵੱਡਾ ਹਿੱਸਾ ਹੈ, ਇਹ ਵੀ ਵਧੀਆ ਕਮਾਈ ਦਾ ਜ਼ਰੀਆ ਨਹੀਂ ਰਿਹਾ। ਹਾਲਾਂਕਿ ਰੇਲਵੇ ਨੂੰ ਉਮੀਦ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੋਣ ਵਾਲੀ ਬੁਕਿੰਗ ਦੀ ਸਹਾਇਤਾ ਨਾਲ ਥੋੜ੍ਹਾ ਦਬਾਅ ਘੱਟ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਰਚ ਤੱਕ ਇਹ ਟ੍ਰੇਂਡ ਦੇਖਣ ਨੂੰ ਮਿਲੇਗਾ, ਪਰ ਇਸ ਲਈ ਜਲਦੀ ਹੀ ਰਾਹਤ ਮਿਲਣ ਦੀ ਆਸ ਘੱਟ ਹੈ। ਅਜਿਹੇ 'ਚ ਰੇਲਵੇ ਨੂੰ ਆਪਣੀ ਨਾਨ ਫੇਅਰ ਰੈਵੇਨਿਊ 'ਤੇ ਫੋਕਸ ਵਧਾਉਣ ਦੀ ਜ਼ਰੂਰਤ ਹੈ।
 


Related News