ਮੂਡੀਜ਼ ਨੇ ਅਡਾਣੀ ਗਰੁੱਪ ਦੀਆਂ 7 ਕੰਪਨੀਆਂ ਦਾ ਆਊਟਲੁਕ ਕੀਤਾ ਨੈਗੇਟਿਵ

Wednesday, Nov 27, 2024 - 10:18 AM (IST)

ਮੂਡੀਜ਼ ਨੇ ਅਡਾਣੀ ਗਰੁੱਪ ਦੀਆਂ 7 ਕੰਪਨੀਆਂ ਦਾ ਆਊਟਲੁਕ ਕੀਤਾ ਨੈਗੇਟਿਵ

ਨਵੀਂ ਦਿੱਲੀ (ਭਾਸ਼ਾ) – ਅਡਾਣੀ ਗਰੁੱਪ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਗਰੁੱਪ ਦੀਆਂ 7 ਕੰਪਨੀਆਂ ਦਾ ਆਊਟਲੁਕ ‘ਸਥਿਰ’ ਤੋਂ ਬਦਲ ਕੇ ‘ਨੈਗੇਟਿਵ’ ਕਰ ਦਿੱਤਾ ਹੈ।

ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਕਿ ਉਸ ਨੇ ਅਡਾਣੀ ਦੀਆਂ 7 ਇਕਾਈਆਂ ਦੇ ਸਾਖ ਦ੍ਰਿਸ਼ ਨੂੰ ‘ਸਥਿਰ’ ਤੋਂ ਘਟਾ ਕੇ ‘ਨੈਗੇਟਿਵ’ ਕਰ ਦਿੱਤਾ ਹੈ। ਮੂਡੀਜ਼ ਨੇ ਅਜਿਹਾ ਕਰਨ ਲਈ ਗਰੁੱਪ ਦੇ ਚੇਅਰਮੈਨ ਗੌਤਮ ਅਡਾਣੀ ਅਤੇ ਹੋਰਾਂ ’ਤੇ ਕਥਿਤ ਤੌਰ ’ਤੇ ਰਿਸ਼ਵਤ ਦੇਣ ’ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਜਾਣ ਦਾ ਹਵਾਲਾ ਦਿੱਤਾ। ਫਿਚ ਰੇਟਿੰਗਜ਼ ਨੇ ਗਰੁੱਪ ਦੇ ਕੁਝ ਬਾਂਡ ਨੂੰ ਨਾਂਹਪੱਖੀ ਨਿਗਰਾਨੀ ’ਚ ਰੱਖਿਆ ਹੈ। ਮੂਡੀਜ਼ ਨੇ ਸਾਰੀਆਂ 7 ਇਕਾਈਆਂ-ਅਡਾਣੀ ਪੋਰਟਸ ਐਂਡ ਸਪੈਸ਼ਲ ਇਕਨੋਮਿਕ ਜ਼ੋਨ ਲਿਮਟਿਡ, ਅਡਾਣੀ ਗ੍ਰੀਨ ਐਨਰਜੀ ਲਿਮਟਿਡ ਦੇ 2 ਸੀਮਤ ਪਾਬੰਦੀਸ਼ੁਦਾ ਗਰੁੱਪ, ਅਡਾਣੀ ਟ੍ਰਾਂਸਮਿਸ਼ਨ ਸਟੈੱਪ ਵਨ ਲਿਮਟਿਡ, ਅਡਾਣੀ ਟਰਾਂਸਪੋਰਟੇਸ਼ਨ ਪਾਬੰਦੀਸ਼ੁਦਾ ਗਰੁੱਪ-1 (ਏ. ਈ. ਐੱਸ. ਐੱਲ. ਆਰ. ਜੀ.-1), ਅਡਾਣੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ ਅਤੇ ਅਡਾਣੀ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਪ੍ਰਾਈਵੇਟ ਲਿਮਟਿਡ ਦੀ ਨੈਗੇਟਿਵ ਰੇਟਿੰਗ ਦੀ ਪੁਸ਼ਟੀ ਕੀਤੀ।

ਮੂਡੀਜ਼ ਨੇ ਕਿਹਾ ਕਿ ਅਮਰੀਕਾ ’ਚ ਅਡਾਣੀ ਗ੍ਰੀਨ ਐਨਰਜੀ ਲਿਮਟਿਡ (ਏ. ਜੀ. ਈ. ਐੱਲ.) ਦੇ ਚੇਅਰਮੈਨ ਗੌਤਮ ਅਡਾਣੀ ਅਤੇ ਕਈ ਸੀਨੀਅਰ ਪ੍ਰਬੰਧਨ ਅਧਿਕਾਰਆਂ ’ਤੇ ਅਮਰੀਕੀ ਅਟਾਰਨੀ ਦਫਤਰ ਵੱਲੋਂ ਅਪਰਾਧਿਕ ਮਾਮਲੇ ’ਚ ਦੋਸ਼ ਲਗਾਏ ਜਾਣ ਦੇ ਕਾਰਨ ਅਡਾਣੀ ਗਰੁੱਪ ਦੀ ਵਿੱਤ ਪੋਸ਼ਣ ਤੱਕ ਪਹੁੰਚ ਕਮਜ਼ੋਰ ਹੋ ਸਕਦੀ ਹੈ ਅਤੇ ਇਸ ਦੀ ਪੂੰਜੀ ਲਾਗਤ ਵਧ ਸਕਦੀ ਹੈ।

ਮੂਡੀਜ਼ ਨੇ ਕਿਹਾ ਕਿ ਜੇ ਕਾਨੂੰਨੀ ਕਾਰਵਾਈ ਸਪਸ਼ਟ ਤੌਰ ’ਤੇ ਬਿਨ੍ਹਾ ਕਿਸੇ ਨਾਂਹਪੱਖੀ ਕਰਜ਼ਾ ਪ੍ਰਭਾਵ ਦੇ ਖਤਮ ਹੋ ਜਾਂਦੀ ਹੈ ਤਾਂ ਰੇਟਿੰਗ ਨਜ਼ਰੀਏ ਨੂੰ ਸਥਿਰ ’ਚ ਬਦਲਿਆ ਜਾ ਸਕਦਾ ਹੈ।

ਫਿਚ ਨੇ ਅਡਾਣੀ ਗਰੁੱਪ ਦੀਆਂ 4 ਕੰਪਨੀਆਂ ਦੀ ਰੇਟਿੰਗ ‘ਨੈਗੇਟਿਵ’ ਕੀਤੀ

ਫਿਚ ਰੇਟਿੰਗਜ਼ ਨੇ ਅਡਾਣੀ ਗਰੁੱਪ ਦੀਆਂ 4 ਕੰਪਨੀਆਂ ਦਾ ਆਊਟਲੁਕ ਬਦਲ ਕੇ ‘ਨੈਗੇਟਿਵ’ ਕਰ ਦਿੱਤਾ ਹੈ ਜਦਕਿ 3 ਕੰਪਨੀਆਂ ਨੂੰ ‘ਰੇਟਿੰਗ ਵਾਚ ਨੈਗੇਟਿਵ’ ’ਚ ਰੱਖਿਆ ਹੈ। ਰੇਟਿੰਗ ਏਜੰਸੀ ਨੇ ਅਮਰੀਕਾ ’ਚ ਅਡਾਣੀ ਗ੍ਰੀਨ ਐਨਰਜੀ ਦੇ ਬੋਰਡ ’ਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਤੋਂ ਬਾਅਦ ਇਨ੍ਹਾਂ ਕੰਪਨੀਆਂ ਦੀ ਰੇਟਿੰਗ ਨੂੰ ਘਟਾਇਆ ਹੈ।

ਇਕ ਹੋਰ ਘਟਨਾਕ੍ਰਮ ’ਚ ਫ੍ਰਾਂਸ ਦੀ ਦਿੱਗਜ਼ ਐਨਰਜੀ ਫਰਮ ਟੋਟਲ ਐਨਰਜੀਜ਼ ਨੇ ਅਡਾਣੀ ਗ੍ਰੀਨ ਐਨਰਜੀ ’ਚ ਕਿਸੇ ਵੀ ਤਰ੍ਹਾਂ ਦੇ ਨਵੇਂ ਨਿਵੇਸ਼ ਨੂੰ ਰੋਕ ਦਿੱਤਾ ਹੈ। ਫ੍ਰੈਂਚ ਕੰਪਨੀ ਨੇ ਇਸ ਲਈ ਅਮਰੀਕੀ ਸਕਿਓਰਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਦੋਸ਼ਾਂ ਦਾ ਹਵਾਲਾ ਦਿੱਤਾ ਹੈ। ਉੱਧਰ ਫਲੋਰਿਡਾ ਦੇ ਜਿਕਵਿਜੀ ਪਾਰਟਨਰਜ਼ ਨੇ ਅਡਾਣੀ ਗਰੁੱਪ ’ਤੇ ਭਰੋਸਾ ਜਤਾਇਆ ਹੈ।

ਹਾਲਾਂਕਿ ਅਡਾਣੀ ਗ੍ਰੀਨ ਐਨਰਜੀ ਨੇ ਸਪੱਸ਼ਟ ਕੀਤਾ ਹੈ ਕਿ ਟੋਟਲ ਐਨਰਜੀਜ਼ ਨਾਲ ਚਰਚਾ ਤਹਿਤ ਕੋਈ ਨਵਾਂ ਫਾਈਨਾਂਸ਼ੀਅਲ ਕਮਿਟਮੈਂਟ ਨਹੀਂ ਹੈ, ਇਸ ਲਈ ਸਾਡੇ ਆਪ੍ਰੇਸ਼ਨਜ਼ ਜਾਂ ਵਿਕਾਸ ਯੋਜਨਾ ’ਤੇ ਕੰਪਨੀ ਦੇ ਬਿਆਨ ਦਾ ਕੋਈ ਭੌਤਿਕ ਅਸਰ ਨਹੀਂ ਪਵੇਗਾ।


author

Harinder Kaur

Content Editor

Related News