ਦੁਨੀਆ ਭਰ ''ਚ ਊਰਜਾ ਸੰਕਟ: ਕਤਰ ''ਚ LNG ਉਤਪਾਦਨ ਠੱਪ, ਗੈਸ ਦੀਆਂ ਕੀਮਤਾਂ ''ਚ 54% ਦਾ ਵਾਧਾ

Wednesday, Mar 04, 2026 - 09:00 PM (IST)

ਦੁਨੀਆ ਭਰ ''ਚ ਊਰਜਾ ਸੰਕਟ: ਕਤਰ ''ਚ LNG ਉਤਪਾਦਨ ਠੱਪ, ਗੈਸ ਦੀਆਂ ਕੀਮਤਾਂ ''ਚ 54% ਦਾ ਵਾਧਾ

ਦੋਹਾ/ਨਵੀਂ ਦਿੱਲੀ : ਮੱਧ-ਪੂਰਬ ਵਿੱਚ ਜਾਰੀ ਜੰਗੀ ਤਣਾਅ ਦੇ ਵਿਚਕਾਰ ਵਿਸ਼ਵ ਪੱਧਰ 'ਤੇ ਇੱਕ ਵੱਡਾ ਊਰਜਾ ਸੰਕਟ ਪੈਦਾ ਹੋ ਗਿਆ ਹੈ। ਦੁਨੀਆ ਦੇ ਦੂਜੇ ਸਭ ਤੋਂ ਵੱਡੇ ਐਲ.ਐਨ.ਜੀ. (LNG) ਨਿਰਯਾਤਕ ਦੇਸ਼ ਕਤਰ ਨੇ ਅੱਜ ਆਪਣਾ ਸਾਰਾ ਉਤਪਾਦਨ ਬੰਦ ਕਰ ਦਿੱਤਾ ਹੈ। ਇਸ ਫੈਸਲੇ ਨਾਲ ਵਿਸ਼ਵ ਬਾਜ਼ਾਰ ਵਿੱਚੋਂ ਐਲ.ਐਨ.ਜੀ. ਦੀ 20% ਸਪਲਾਈ ਇੱਕੋ ਝਟਕੇ ਵਿੱਚ ਗਾਇਬ ਹੋ ਗਈ ਹੈ।

ਈਰਾਨੀ ਡਰੋਨਾਂ ਨੇ ਪਲਾਂਟਾਂ ਨੂੰ ਬਣਾਇਆ ਨਿਸ਼ਾਨਾ
ਜਾਣਕਾਰੀ ਅਨੁਸਾਰ, ਈਰਾਨੀ ਡਰੋਨਾਂ ਨੇ ਕਤਰ ਦੇ ਰਾਸ ਲਫਾਨ (Ras Laffan) ਅਤੇ ਮੇਸਈਦ (Mesaieed) ਸਥਿਤ ਅਹਿਮ ਟਿਕਾਣਿਆਂ 'ਤੇ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ ਤੋਂ ਬਾਅਦ 'ਕਤਰ ਐਨਰਜੀ' (QatarEnergy) ਨੇ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਪਲਾਂਟਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਲਿਆ ਹੈ।

ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ 
ਇਸ ਖਬਰ ਦੇ ਆਉਂਦਿਆਂ ਹੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਹਾਹਾਕਾਰ ਮੱਚ ਗਈ ਹੈ। ਯੂਰਪ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਅੱਜ 54% ਦਾ ਵੱਡਾ ਉਛਾਲ ਦੇਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਯੂਰਪ ਨੇ ਰੂਸੀ ਗੈਸ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਕਤਰ ਦੀ ਐਲ.ਐਨ.ਜੀ. ਦਾ ਸਹਾਰਾ ਲਿਆ ਸੀ, ਜੋ ਹੁਣ ਖ਼ਤਰੇ ਵਿੱਚ ਪੈ ਗਿਆ ਹੈ।

ਏਸ਼ੀਆ ਲਈ ਚਿੰਤਾ ਦੀ ਘੜੀ 
ਏਸ਼ੀਆਈ ਦੇਸ਼ਾਂ ਲਈ ਵੀ ਇਹ ਇੱਕ ਵੱਡੀ ਮੁਸੀਬਤ ਹੈ ਕਿਉਂਕਿ ਏਸ਼ੀਆ ਦਾ ਸਾਰਾ ਸਰਦੀਆਂ ਦਾ ਹੀਟਿੰਗ ਸਿਸਟਮ ਅਤੇ ਨਿਰਮਾਣ (manufacturing) ਖੇਤਰ ਕਤਰ ਦੀ ਐਲ.ਐਨ.ਜੀ. ਸਪਲਾਈ 'ਤੇ ਹੀ ਨਿਰਭਰ ਕਰਦਾ ਹੈ। ਮੌਜੂਦਾ ਹਾਲਾਤਾਂ ਵਿੱਚ ਇਨ੍ਹਾਂ ਦੇਸ਼ਾਂ ਨੂੰ ਗੈਸ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਤਪਾਦਨ ਬਹਾਲੀ ਵਿੱਚ ਲੱਗੇਗਾ ਸਮਾਂ 
ਮਾਹਰਾਂ ਅਨੁਸਾਰ, ਇਸ ਸੰਕਟ ਵਿੱਚੋਂ ਨਿਕਲਣਾ ਇੰਨਾ ਸੌਖਾ ਨਹੀਂ ਹੋਵੇਗਾ। ਲਿਕਵੀਫੈਕਸ਼ਨ (liquefaction) ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਬਾਅਦ ਦੁਬਾਰਾ ਸ਼ੁਰੂ ਕਰਨ ਵਿੱਚ ਘੱਟੋ-ਘੱਟ ਦੋ ਹਫਤੇ ਲੱਗਦੇ ਹਨ ਅਤੇ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਦੋ ਹੋਰ ਹਫਤਿਆਂ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਅਗਲੇ ਇੱਕ ਮਹੀਨੇ ਤੱਕ ਕਤਰ ਤੋਂ ਗੈਸ ਦੀ ਸਪਲਾਈ ਲਗਭਗ ਜ਼ੀਰੋ ਰਹਿ ਸਕਦੀ ਹੈ। ਤੇਲ ਦੇ ਹਮਲਿਆਂ ਦੇ ਉਲਟ, ਐਲ.ਐਨ.ਜੀ. ਪਲਾਂਟਾਂ ਨੂੰ ਸਿਰਫ ਇੱਕ ਸਵਿੱਚ ਦਬਾ ਕੇ ਤੁਰੰਤ ਚਾਲੂ ਨਹੀਂ ਕੀਤਾ ਜਾ ਸਕਦਾ।
 


author

Inder Prajapati

Content Editor

Related News