ਭਾਰਤ ਦੀ ਰੇਟਿੰਗ ਨੂੰ ਲੈ ਕੇ ਮੂਡੀਜ਼ ਦਾ ਵੱਡਾ ਐਲਾਨ, ਆਊਟਲੁੱਕ ਸਥਿਰ ਰੱਖ ਵਿਕਾਸ ਨੂੰ ਲੈ ਕੇ ਕਹੀ ਇਹ ਗੱਲ
Saturday, Aug 19, 2023 - 01:47 PM (IST)
ਨਵੀਂ ਦਿੱਲੀ- ਰੇਟਿੰਗ ਏਜੰਸੀ ਮੂਡੀਜ਼ ਨੇ ਸਥਿਰ ਦ੍ਰਿਸ਼ ਦੇ ਨਾਲ ਭਾਰਤ ਦੀ ਕ੍ਰੈਡਿਟ ਰੇਟਿੰਗ BAA3 'ਤੇ ਬਰਕਰਾਰ ਰੱਖਦੇ ਹੋਏ ਕਿਹਾ ਕਿ ਉੱਚ ਵਿਕਾਸ ਦਰ ਨਾਲ ਆਮਦਨ ਦੇ ਪੱਧਰ 'ਚ ਹੌਲੀ-ਹੌਲੀ ਵਾਧਾ ਹੋਵੇਗਾ, ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਮੂਡੀਜ਼ ਦਾ ਅਨੁਮਾਨ ਹੈ ਕਿ ਘਰੇਲੂ ਮੰਗ ਦੇ ਦਮ 'ਤੇ ਭਾਰਤ ਦੀ ਆਰਥਿਕ ਵਿਕਾਸ ਦਰ ਘੱਟੋ-ਘੱਟ ਅਗਲੇ ਦੋ ਸਾਲਾਂ ਤੱਕ ਜੀ20 ਦੇਸ਼ਾਂ ਦੀ ਅਰਥਵਿਵਸਥਾ ਦੇ ਮੁਕਾਬਲੇ ਉੱਚੇ ਪੱਧਰ 'ਤੇ ਬਣੀ ਰਹੇਗੀ।
ਰੇਟਿੰਗ ਏਜੰਸੀ ਨੇ ਇੱਕ ਬਿਆਨ 'ਚ ਕਿਹਾ, 'ਮੂਡੀਜ਼ ਇਨਵੈਸਟਰਸ ਸਰਵਿਸ ਨੇ ਭਾਰਤ ਸਰਕਾਰ ਦੀ ਲੰਬੇ ਸਮੇਂ ਦੀ ਸਥਾਨਕ ਅਤੇ ਵਿਦੇਸ਼ੀ ਮੁਦਰਾ ਜਾਰੀਕਰਤਾ ਰੇਟਿੰਗਾਂ ਅਤੇ ਸਥਾਨਕ ਮੁਦਰਾ 'ਤੇ BAA3 ਰੇਟਿੰਗ ਦੀ ਪੁਸ਼ਟੀ ਕੀਤੀ। ਮੂਡੀਜ਼ ਨੇ ਭਾਰਤ ਦੀਆਂ ਹੋਰ ਘੱਟ ਸਮੇਂ ਦੀ ਸਥਾਨਕ-ਮੁਦਰਾ ਰੇਟਿੰਗ ਨੂੰ ਵੀ ਪੀ-3 'ਤੇ ਬਰਕਰਾਰ ਰੱਖਿਆ ਹੈ। ਦ੍ਰਿਸ਼ਟੀਕੋਣ ਸਥਿਰ ਬਣਿਆ ਹੋਇਆ ਹੈ। BAA3 ਨੂੰ ਨਿਵੇਸ਼ ਪੱਧਰ ਦੀ ਸਭ ਤੋਂ ਹੇਠਲੀ ਰੇਟਿੰਗ ਮੰਨਿਆ ਜਾਂਦਾ ਹੈ। ਤਿੰਨੇ ਵਿਸ਼ਵ ਪੱਧਰੀ ਰੇਟਿੰਗ ਏਜੰਸੀਆਂ - ਫਿਚ, ਐੱਸ. ਐਂਡ ਪੀ. ਅਤੇ ਮੂਡੀਜ਼ ਨੇ ਸਥਿਰ ਦ੍ਰਿਸ਼ਟੀਕੋਣ ਦੇ ਨਾਲ ਭਾਰਤ ਨੂੰ ਸਭ ਤੋਂ ਘੱਟ ਨਿਵੇਸ਼ ਯੋਗ ਰੇਟਿੰਗ ਦਿੱਤੀ ਹੋਈ ਹੈ। ਨਿਵੇਸ਼ਕਾਂ ਲਈ ਕਿਸੇ ਦੇਸ਼ ਦੀ ਰੇਟਿੰਗ ਉਸਦੀ ਸਾਖ ਨੂੰ ਦੱਸਦੀ ਹੈ ਅਤੇ ਇਹ ਕਰਜ਼ਾ ਲੈਣ ਦੀ ਲਾਗਤ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਹਾਲਾਂਕਿ ਮੂਡੀਜ਼ ਦਾ ਮੰਨਣਾ ਹੈ ਕਿ ਪਿਛਲੇ 7-10 ਸਾਲਾਂ ਵਿੱਚ ਆਰਥਿਕ ਵਿਕਾਸ ਦਰ ਯੋਗਤਾ ਅਨੁਸਾਰ ਨਹੀਂ ਰਹੀ ਪਰ ਭਾਰਤੀ ਅਰਥਵਿਵਸਥਾ ਦੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਇਸਦੇ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ। ਉਸਨੇ ਕਿਹਾ, 'ਕੁਲ ਘਰੇਲੂ ਉਤਪਾਦ(ਜੀ. ਡੀ. ਪੀ.) 'ਚ ਉੱਚ ਵਿਕਾਸ ਆਮਦਨ ਦੇ ਪੱਧਰ ਨੂੰ ਹੌਲੀ-ਹੋਲੀ ਵਧਾਉਣ ਅਤੇ ਕੁੱਲ ਮਿਲਾਕੇ ਆਰਥਿਕ ਮਜ਼ਬੂਤੀ 'ਚ ਯੋਗਦਾਨ ਦੇਵੇਗੀ। ਇਸ ਨਾਲ ਵਿੱਤੀ ਮਜ਼ਬੂਤੀ ਨੂੰ ਸਮਰਥਨ ਮਿਲੇਗਾ ਅਤੇ ਸਰਕਾਰ ਦੇ ਕਰਜ਼ੇ ਨੂੰ ਵੀ ਸਥਿਰ ਕਰਨ 'ਚ ਮਦਦ ਮਿਲੇਗੀ। ਇਸ 'ਤੋਂ ਇਲਾਵਾ, ਵਿੱਤੀ ਖੇਤਰ ਦੇ ਲਗਾਤਾਰ ਮਜ਼ਬੂਤ ਹੋਣ ਆਰਥਿਕ ਅਤੇ ਦੇਣਦਾਰੀ ਦੇ ਪੱਧਰ 'ਤੇ ਜੋ ਖ਼ਤਰਾ ਸੀ, ਉਹ ਵੀ ਦੂਰ ਹੋਵੇਗਾ।