ਗਾਹਕਾਂ ਨੂੰ ਮੌਜਾਂ, ਮੋਬਾਇਲ ਰੀਚਾਰਜ ਮਹਿੰਗੇ ਹੋਣ ਦੀ ਸੰਭਾਵਨਾ ਨਹੀਂ

10/06/2019 1:39:42 PM

ਨਵੀਂ ਦਿੱਲੀ— ਦਿੱਗਜ ਮੋਬਾਇਲ ਸਰਵਿਸ ਕੰਪਨੀਆਂ ਵੱਲੋਂ ਇਕ-ਦੂਜੇ ਦੇ ਗਾਹਕਾਂ ਨੂੰ ਖਿੱਚਣ ਲਈ ਲਗਾਤਾਰ ਲਾਂਚ ਹੋ ਰਹੇ ਸਸਤੇ ਪਲਾਨਾਂ ਨੂੰ ਦੇਖਦੇ ਹੋਏ ਨੇੜਲੇ ਭਵਿੱਖ 'ਚ ਟੈਰਿਫ ਵਧਣ ਦੀ ਸੰਭਾਵਨਾ ਨਹੀਂ ਹੈ। ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਤੇ ਵੋਡਾਫੋਨ ਆਈਡੀਆ ਗਾਹਕਾਂ ਨੂੰ ਨਾਲ ਬਣਾਈ ਰੱਖਣ ਲਈ ਲਗਾਤਾਰ ਦਿਲ-ਖਿੱਚਵੇਂ ਪਲਾਨ ਲਾਂਚ ਕਰ ਰਹੇ ਹਨ, ਜਿਸ ਕਾਰਨ ਦੂਰਸੰਚਾਰ ਖੇਤਰ 'ਚ ਪ੍ਰਾਈਸ ਵਾਰ ਜਾਰੀ ਰਹਿ ਸਕਦਾ ਹੈ। ਤਿੰਨ ਸਾਲ ਪਹਿਲਾਂ ਮੋਬਾਇਲ ਸੇਵਾ 'ਚ ਕਦਮ ਰੱਖਣ ਵਾਲੀ ਰਿਲਾਇੰਸ ਜਿਓ ਨੇ ਤੇਜ਼ੀ ਨਾਲ ਗਾਹਕ ਜੋੜੇ ਹਨ।



ਹਾਲ ਹੀ 'ਚ ਰਿਲਾਇੰਸ ਜਿਓ ਨੇ ਜਿਓ ਫੋਨ ਕੀਮਤਾਂ 'ਚ ਵੀ ਕਟੌਤੀ ਕਰ ਦਿੱਤੀ ਹੈ। ਕ੍ਰੈਡਿਟ ਸੁਈਸ ਦੀ ਰਿਪੋਰਟ ਮੁਤਾਬਕ, ਦੂਰਸੰਚਾਰ ਬਾਜ਼ਾਰ 'ਚ ਫਿਲਹਾਲ ਟੈਰਿਫ ਮਹਿੰਗੇ ਹੋਣ ਦੀ ਸੰਭਾਵਨਾ ਨਹੀਂ ਹੈ। ਗੌਰਤਲਬ ਹੈ ਕਿ ਰਿਲਾਇੰਸ ਨੇ ਦੀਵਾਲੀ ਪੇਸ਼ਕਸ਼ ਤਹਿਤ ਜਿਓ ਫੋਨ ਦੀ ਕੀਮਤ 1500 ਰੁਪਏ ਤੋਂ ਘਟਾ ਕੇ 699 ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਰਾਣੇ ਫੋਨ ਨੂੰ ਬਦਲਣ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ। ਇਸ ਨਾਲ 7 ਵਾਰ ਰੀਚਾਰਜ 'ਤੇ ਗਾਹਕਾਂ ਨੂੰ 700 ਰੁਪਏ ਦਾ ਡਾਟਾ ਵੀ ਮਿਲੇਗਾ ਜੋ ਅੱਧਾ ਜੀ. ਬੀ. ਰੋਜ਼ਾਨਾ ਹੋਵੇਗਾ। ਤਿੰਨ ਸਾਲਾਂ ਦੌਰਾਨ ਤਕਰੀਬਨ 34 ਕਰੋੜ ਗਾਹਕਾਂ ਨੂੰ ਜੋੜਨ ਵਾਲੀ ਰਿਲਾਇੰਸ ਜਿਓ ਦਾ ਪੂਰਾ ਜ਼ੋਰ ਗਾਹਕਾਂ ਦਾ ਆਧਾਰ ਵਧਾਉਣ 'ਤੇ ਹੈ। ਉਸ ਦਾ ਟੀਚਾ 50 ਕਰੋੜ ਤਕ ਗਾਹਕ ਬਣਾਉਣ ਦਾ ਹੈ। ਜਿਓ ਦਾ 4ਜੀ ਫੀਚਰ ਫੋਨ ਸਸਤਾ ਹੋਣ ਨਾਲ ਭਾਰਤੀ ਏਅਰਟੈੱਲ ਤੇ ਵੋਡਾਫੋਨ ਆਈਡੀਆ ਸਾਹਮਣੇ ਵੱਡੀ ਚੁਣੌਤੀ 2ਜੀ ਗਾਹਕਾਂ ਨੂੰ ਨਾਲ ਜੋੜੇ ਰੱਖਣ ਦੀ ਹੋ ਗਈ ਹੈ।


Related News