ਰਿਟੇਨ ਹੋਣ ਦੀ ਕੋਈ ਸੰਭਾਵਨਾ ਨਹੀਂ, ਕੀ ਆਖਰੀ 2 ਮੈਚਾਂ ਲਈ ਲਖਨਊ ਦੀ ਕਪਤਾਨੀ ਛੱਡਣਗੇ ਰਾਹੁਲ?
Friday, May 10, 2024 - 10:34 AM (IST)
ਨਵੀਂ ਦਿੱਲੀ- ਸਨਰਾਈਜ਼ਰਜ਼ ਹੈਦਰਾਬਾਦ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਆਈ. ਪੀ. ਐੱਲ. ਪਲੇਅ ਆਫ ਦੀ ਦੌੜ ਤੋਂ ਲਗਭਗ ਬਾਹਰ ਹੋਣ ਨਾਲ ਬਾਕੀ ਬਚੇ 2 ਮੈਚਾਂ ’ਚ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਦੇ ਤੌਰ ’ਤੇ ਲੋਕੇਸ਼ ਰਾਹੁਲ ਦਾ ਭਵਿੱਖ ਅਨਿਸ਼ਚਿਤ ਹੈ। ਸਾਲ 2022 ਦੀ ਨਿਲਾਮੀ ’ਚ ਰਿਕਾਰਡ 17 ਕਰੋੜ ਰੁਪਏ ’ਚ ਲਖਨਊ ਦੀ ਟੀਮ ਨਾਲ ਜੁੜਣ ਵਾਲੇ ਰਾਹੁਲ ਨੂੰ 2025 ’ਚ ਹੋਣ ਵਾਲੀ ਵੱਡੀ ਨਿਲਾਮੀ ਤੋਂ ਪਹਿਲਾਂ ਟੀਮ ਵਲੋਂ ਬਰਕਰਾਰ (ਰਿਟੇਨ) ਰੱਖਣ ਦੀ ਸੰਭਾਵਨਾ ਬੇਹੱਦ ਘੱਟ ਹੈ। ਹਾਲਾਂਕਿ ਕਿਆਸ ਲਗਾਏ ਜਾ ਰਹੇ ਹਨ ਕਿ ਰਾਹੁਲ ਖੁਦ ਕਪਤਾਨੀ ਛੱਡ ਕੇ ਅਗਲੇ 2 ਮੈਚਾਂ ’ਚ ਆਪਣੀ ਬੱਲੇਬਾਜ਼ੀ ’ਤੇ ਧਿਆਨ ਦੇ ਸਕਦਾ ਹੈ।
ਆਈ. ਪੀ. ਐੱਲ. ਦੇ ਇਕ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ,‘ਦਿੱਲੀ ਕੈਪੀਟਲਸ ਖਿਲਾਫ ਅਗਲੇ ਮੈਚ ਤੋਂ ਪਹਿਲਾਂ 5 ਦਿਨਾਂ ਦੀ ਬ੍ਰੇਕ ਹੈ। ਫਿਲਹਾਲ ਇਸ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਜੇਕਰ ਰਾਹੁਲ ਬਾਕੀ 2 ਮੈਚਾਂ ’ਚ ਸਿਰਫ ਆਪਣੀ ਬੱਲੇਬਾਜ਼ੀ ’ਤੇ ਧਿਆਨ ਦੇਣ ਦੀ ਯੋਜਨਾ ਬਣਾਉਂਦਾ ਹੈ ਤਾਂ ਪ੍ਰਬੰਧਨ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ।
ਸਨਰਾਈਜ਼ਰਜ਼ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ (30 ਗੇਂਦਾਂ ’ਤੇ ਅਜੇਤੂ 89 ਦੌੜਾਂ) ਅਤੇ ਅਭਿਸ਼ੇਕ ਸ਼ਰਮਾ (28 ਗੇਂਦਾਂ ’ਤੇ 75 ਦੌੜਾਂ) ਦੇ 10 ਓਵਰਾਂ ਤੋਂ ਵੀ ਘੱਟ ਸਮੇਂ ’ਚ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਤੋਂ ਬਾਅਦ ਲਖਨਊ ਫ੍ਰੈਂਚਾਈਜ਼ੀ ਦੇ ਮਾਲਕ ਸੰਜੀਵ ਗੋਇਨਕਾ ਦਾ ਰਾਹੁਲ ਨਾਲ ਨਾਰਾਜ਼ਗੀ ’ਚ ਗੱਲ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਆਇਆ ਸੀ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਇਸੇ ਵਿਕਟ ’ਤੇ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਸੀ।
ਇਸ ਤੋਂ ਇਲਾਵਾ ਪਾਵਰ ਪਲੇਅ ’ਚ ਰਾਹੁਲ (33 ਗੇਂਦਾਂ ’ਚ 29 ਦੌੜਾਂ) ਦੀ ਹੌਲੀ ਬੱਲੇਬਾਜ਼ੀ ਵੀ ਇਸ ਲੁਭਾਵਨੀ ਲੀਗ ’ਚ ਲਖਨਊ ਦੇ ਉਮੀਦ ਤੋਂ ਜ਼ਿਆਦਾ ਖਰਾਬ ਪ੍ਰਦਰਸ਼ਨ ਦਾ ਵੱਡਾ ਕਾਰਨ ਹੈ ਅਤੇ ਲੱਗਦਾ ਹੈ ਕਿ ਗੋਇਨਕਾ ਦਾ ਸਬਰ ਜਵਾਬ ਦੇ ਗਿਆ ਹੈ।
ਭਾਰਤ ਦੇ ਇਸ ਸਟਾਰ ਬੱਲੇਬਾਜ਼ ਨੇ 12 ਮੈਚਾਂ ’ਚ 460 ਦੌੜਾਂ ਬਣਾਈਆਂ ਹਨ ਅਤੇ ਇਕ ਵਾਰ ਫਿਰ ਸੀਜ਼ਨ ’ਚ 500 ਦੌੜਾਂ ਦਾ ਅੰਕੜਾ ਪਾਰ ਕਰਨ ਦੇ ਨੇੜੇ ਹੈ ਪਰ ਸਮੱਸਿਆ ਉਸ ਦੀ ਸਟ੍ਰਾਈਕ ਰੇਟ ਦੀ ਹੈ ਜੋ ਕਿ 136.09 ਹੈ।
ਹਾਲਾਂਕਿ ਲਖਨਊ ਟੀਮ ਦੀ ਦਾਅਵੇਦਾਰੀ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਕਿਉਂਕਿ ਟੀਮ 14 ਮਈ ਨੂੰ ਨਵੀਂ ਦਿੱਲੀ ’ਚ ਦਿੱਲੀ ਕੈਪੀਟਲਜ਼ ਅਤੇ 17 ਮਈ ਨੂੰ ਵਾਨਖੇੜੇ ’ਚ ਮੁੰਬਈ ਇੰਡੀਅਨਜ਼ ਵਿਰੁੱਧ ਆਪਣੇ ਬਾਕੀ ਬਚੇ 2 ਮੈਚ ਜਿੱਤ ਕੇ 16 ਅੰਕਾਂ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, ਮਾਇਨਸ .760 ਦੀ ਸ਼ੁੱਧ ਰਨ ਰੇਟ ’ਚ ਮਹੱਤਵਪੂਰਨ ਸੁਧਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ। ਰਾਹੁਲ ਜੇਕਰ ਕਪਤਾਨੀ ਛੱਡ ਦਿੰਦੇ ਹਨ ਤਾਂ ਮੌਜੂਦਾ ਸੀਜ਼ਨ ’ਚ ਟੀਮ ਦੇ ਸਭ ਤੋਂ ਪ੍ਰਭਾਵਸ਼ਾਲੀ ਬੱਲੇਬਾਜ਼ ਅਤੇ ਉਪ ਕਪਤਾਨ ਨਿਕੋਲਸ ਪੂਰਨ ਬਾਕੀ 2 ਮੈਚਾਂ ’ਚ ਇਹ ਜ਼ਿੰਮੇਵਾਰੀ ਨਿਭਾਅ ਸਕਦੇ ਹਨ।