ਖਰਾਬ ਮੋਬਾਇਲ ਦੇਣ ''ਤੇ ਮਾਈਕ੍ਰੋਸਾਫਟ ਕਾਰਪੋਰੇਸ਼ਨ ਨੂੰ 46,998 ਰੁਪਏ ਜੁਰਮਾਨਾ
Thursday, Mar 15, 2018 - 10:48 PM (IST)
ਅਮਲੋਹ (ਗਰਗ)-ਜ਼ਿਲਾ ਖਪਤਕਾਰ ਫੋਰਮ ਚੰਡੀਗੜ੍ਹ ਵੱਲੋਂ ਮੋਬਾਇਲ ਕੰਪਨੀ ਮਾਈਕ੍ਰੋਸਾਫਟ ਕਾਰਪੋਰੇਸ਼ਨ ਨੂੰ ਇਕ ਖਪਤਕਾਰ ਨੂੰ ਖਰਾਬ ਮੋਬਾਇਲ ਦੇਣ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਬਦਲੇ ਜੁਰਮਾਨੇ ਸਮੇਤ 46,998 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਕੀ ਹੈ ਮਾਮਲਾ
ਅਮਲੋਹ ਨਿਵਾਸੀ ਰੋਹਿਤ ਗਰਗ ਨੇ ਖਪਤਕਾਰ ਫੋਰਮ ਨੂੰ ਕੀਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਸ ਨੇ ਮਾਈਕ੍ਰੋਸਾਫਟ ਕੰਪਨੀ ਦਾ ਇਕ ਮੋਬਾਇਲ ਫੋਨ ਲੂਮੀਆ 950 ਐਕਸ ਐੱਲ ਸਤੰਬਰ 2016 'ਚ 34,998 ਰੁਪਏ ਦਾ ਲਿਆ ਸੀ ਪਰ ਇਹ ਫੋਨ ਸ਼ੁਰੂ ਤੋਂ ਹੀ ਖਰਾਬ ਰਹਿਣ ਲੱਗਾ। ਉਸ ਨੇ ਇਸ ਦੀ ਸ਼ਿਕਾਇਤ ਸਬੰਧਤ ਕੰਪਨੀ ਨੂੰ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਕੰਪਨੀ ਦੇ ਕਸਟਮਰ ਕੇਅਰ ਸੈਂਟਰ ਦੇ ਕਹਿਣ 'ਤੇ ਉਸ ਨੇ 29 ਸਤੰਬਰ, 9 ਦਸੰਬਰ ਤੇ 27 ਦਸੰਬਰ 2016 ਨੂੰ ਤਿੰਨ ਵਾਰ ਕੰਪਨੀ ਦੇ ਚੰਡੀਗੜ੍ਹ ਸਥਿਤ ਦਫਤਰ 'ਚ ਆਪਣਾ ਮੋਬਾਇਲ ਫੋਨ ਜਮ੍ਹਾ ਕਰਵਾਇਆ ਪਰ ਨਾ ਤਾਂ ਫੋਨ ਠੀਕ ਕੀਤਾ ਤੇ ਨਾ ਹੀ ਉਸ ਦੇ ਬਦਲੇ ਕੋਈ ਹੋਰ ਫੋਨ ਦਿੱਤਾ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਖਪਤਕਾਰ ਫੋਰਮ ਨੇ ਦਿੱਤਾ ਇਹ ਫੈਸਲਾ
ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਖਪਤਕਾਰ ਫੋਰਮ ਨੇ ਸਬੰਧਤ ਮੋਬਾਇਲ ਕੰਪਨੀ ਨੂੰ ਖਪਤਕਾਰ ਨੂੰ ਖਰਾਬ ਮੋਬਾਇਲ ਦੇਣ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਲਈ 46,998 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ, ਜਿਸ 'ਚ ਮੋਬਾਇਲ ਦੇ 34,998 ਰੁਪਏ, ਮਾਨਸਿਕ ਪ੍ਰੇਸ਼ਾਨ ਕਰਨ ਦੇ 7,000 ਰੁਪਏ ਤੇ ਅਦਾਲਤੀ ਖਰਚੇ ਦੇ 5000 ਰੁਪਏ ਸ਼ਾਮਲ ਹਨ। ਓਧਰ ਖਪਤਕਾਰ ਰੋਹਿਤ ਗਰਗ ਨੇ ਦੱਸਿਆ ਕਿ ਉਸ ਨੂੰ 46,998 ਰੁਪਏ ਦਾ ਚੈੱਕ ਮਿਲ ਗਿਆ ਹੈ।
