ਮਾਰੂਤੀ ਹਰਿਆਣਾ ''ਚ ਨਵੇਂ ਪਲਾਂਟ ਲਈ ਨਿਵੇਸ਼ ਕਰੇਗੀ 18,000 ਕਰੋੜ ਰੁ:

Wednesday, Jul 14, 2021 - 06:41 PM (IST)

ਨਵੀਂ ਦਿੱਲੀ, (ਭਾਸ਼ਾ)- ਮਾਰੂਤੀ ਸੁਜ਼ੂਕੀ ਹਰਿਆਣਾ ਵਿਚ ਇਕ ਨਵੇਂ ਨਿਰਮਾਣ ਪਲਾਂਟ ਵਿਚ 18,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਨਵਾਂ ਪਲਾਂਟ ਗੁਰੂਗ੍ਰਾਮ ਸਥਿਤ ਪਲਾਂਟ ਦੀ ਜਗ੍ਹਾ ਲਵੇਗਾ ਅਤੇ ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 7.5 ਲੱਖ ਤੋਂ 10 ਲੱਖ ਇਕਾਈ ਹੋਣ ਦੀ ਉਮੀਦ ਹੈ। ਕੰਪਨੀ ਨੇ ਭੀੜ ਤੇ ਟ੍ਰੈਫਿਕ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਗੁਰੂਗ੍ਰਾਮ ਦਾ ਪਲਾਂਟ ਕਿਤੇ ਹੋਰ ਲਿਜਾਣ ਦਾ ਫ਼ੈਸਲਾ ਕੀਤਾ ਹੈ।

ਕੰਪਨੀ ਦੇ ਚੇਅਰਮੈਨ ਆਰ. ਸੀ. ਭਾਰਗਵ 18,000 ਕਰੋੜ ਰੁਪਏ ਦੀ ਨਿਵੇਸ਼ ਯੋਜਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੰਪਨੀ ਦੀ ਹਮੇਸ਼ਾ ਤੋਂ ਗੁਰੂਗ੍ਰਾਮ ਸਥਿਤ ਪਲਾਂਟ ਨੂੰ ਨਾਲ ਦੀ ਕਿਸੇ ਜਗ੍ਹਾ 'ਤੇ ਸ਼ਿਫਟ ਕਰਨ ਦੀ ਯੋਜਨਾ ਸੀ। ਹਾਲਾਂਕਿ, ਉਨ੍ਹਾਂ ਨੇ ਕੰਪਨੀ ਵੱਲੋਂ ਤੈਅ ਕੀਤੀ ਜਗ੍ਹਾ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ।

ਭਾਰਗਵ ਨੇ ਕਿਹਾ, ''ਅਸੀਂ ਬਹੁਤ ਪਹਿਲਾਂ ਕਿਹਾ ਸੀ ਕਿ ਅਸੀਂ ਗੁਰੂਗ੍ਰਾਮ ਤੋਂ ਆਪਣਾ ਪਲਾਂਟ ਕਿਤੇ ਹੋਰ ਲੈ ਕੇ ਜਾਵਾਂਗੇ ਅਤੇ ਇਸ ਨੂੰ ਹਰਿਆਣਾ ਵਿਚ ਹੀ ਕਿਤੇ ਨੇੜੇ-ਤੇੜੇ ਸਥਾਪਤ ਕਰਾਂਗੇ..ਤਾਂ ਅਸੀਂ ਇਹੀ ਕਰ ਰਹੇ  ਹਾਂ।" ਕਾਰ ਕੰਪਨੀ ਹਾਲਾਂਕਿ, ਸੂਬੇ ਦੀ ਉਸ ਨੀਤੀ ਨੂੰ ਲੈ ਕੇ ਸਾਵਧਾਨ ਹੈ ਜਿਸ ਤਹਿਤ ਸੂਬੇ ਵਿਚ ਸਥਾਪਤ ਵਪਾਰ ਤੇ ਕਾਰਖਾਨਿਆਂ ਵਿਚ ਸਥਾਨਕ ਲੋਕਾਂ ਲਈ 75 ਫ਼ੀਸਦੀ ਨੌਕਰੀਆਂ ਦਾ ਰਾਖਵਾਂਕਰਨ ਲਾਜ਼ਮੀ ਕੀਤਾ ਗਿਆ ਹੈ। ਭਾਰਗਵ ਨੇ ਕਿਹਾ ਕਿ ਉਹ ਸਮੱਸਿਆਵਾਂ ਹੁਣ ਵੀ ਬਣੀਆਂ ਹੋਈਆਂ ਹਨ, ਉਨ੍ਹਾਂ ਦਾ ਹੱਲ ਨਹੀਂ ਹੋਇਆ ਹੈ। ਇਸ ਲਈ ਇਸ ਸਬੰਧ ਵਿਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸੂਬਾ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ। ਪ੍ਰਾਜੈਕਟ ਸ਼ੁਰੂ ਕਰਨ ਦੀ ਸਮਾਂ-ਸੀਮਾ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਨਹੀਂ ਕਹਿ ਸਕਦੇ।


Sanjeev

Content Editor

Related News