ਖ਼ੁਸ਼ਖ਼ਬਰੀ! ਹੁਣ ਪੱਟੇ 'ਤੇ ਲੈ ਸਕੋਗੇ ਮਾਰੂਤੀ ਸੁਜ਼ੂਕੀ ਦੀ ਕਾਰ

Thursday, Jul 02, 2020 - 04:52 PM (IST)

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਵੀਰਵਾਰ ਨੂੰ ਆਪਣੀ 'ਪੱਟੇ 'ਤੇ ਕਾਰ' ਸੇਵਾ ਸ਼ੁਰੂ ਕਰ ਦਿੱਤੀ ਹੈ, ਯਾਨੀ ਖਰੀਦਣੀ ਨਹੀਂ ਹੈ ਤਾਂ ਕਿਰਾਏ 'ਤੇ ਲੈ ਸਕਦੇ ਹੋ। ਕੰਪਨੀ ਨੇ ਇਸ ਨੂੰ 'ਮਾਰੂਤੀ ਸੁਜ਼ੂਕੀ ਸਬਸਕ੍ਰਾਈਬ' ਦੇ ਬ੍ਰਾਂਡ ਨਾਮ ਹੇਠ ਪੇਸ਼ ਕੀਤਾ ਹੈ।

ਇਸ ਸਕੀਮ ਤਹਿਤ ਗਾਹਕ ਨੂੰ ਕਾਰ ਦੀ ਪੂਰੀ ਕੀਮਤ ਦੇ ਕੇ ਖਰੀਦਣਾ ਨਹੀਂ ਪੈਂਦਾ ਅਤੇ ਕਾਰ 'ਤੇ ਮਾਲਕਾਨਾ ਹੱਕ ਵੀ ਕੰਪਨੀ ਦਾ ਹੀ ਰਹਿੰਦਾ। ਗਾਹਕ ਨੂੰ ਸਿਰਫ ਆਪਣੇ ਨਿੱਜੀ ਇਸਤੇਮਾਲ ਦੀ ਮਿਆਦ ਲਈ ਕਾਰ ਦਾ ਕਿਰਾਇਆ ਚੁਕਾਉਣਾ ਹੁੰਦਾ ਹੈ।

ਕੀ ਕਿਹਾ ਮਾਰੂਤੀ ਨੇ-
ਮਾਰੂਤੀ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤ 'ਚ ਪਾਇਲਟ ਪ੍ਰਾਜੈਕਟ ਦੇ ਆਧਾਰ 'ਤੇ ਉਸ ਨੇ ਗੁਰੂਗ੍ਰਾਮ ਅਤੇ ਬੇਂਗਲੁਰੂ 'ਚ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਉਹ ਸਵਿੱਫਟ, ਡਿਜ਼ਾਇਰ, ਵਿਟਾਰਾ ਬ੍ਰੇਜ਼ਾ ਅਤੇ ਅਰਟਿਗੋ ਨੂੰ ਮਾਰੂਤੀ ਸੁਜ਼ੂਕੀ ਐਰੇਨਾ ਦੇ ਮਾਧਿਅਮ ਨਾਲ ਅਤੇ ਬਲੇਨੋ, ਸਿਆਜ਼ ਤੇ ਐਕਸਐੱਲ ਨੂੰ ਨੈਕਸਾ ਦੇ ਮਾਧਿਅਮ ਨਾਲ ਕਿਰਾਏ 'ਤੇ ਉਪਲੱਬਧ ਕਰਾਏਗੀ। ਇਸ ਸੇਵਾ ਲਈ ਇਸ ਨੇ ਓਰੀਕਸ ਆਟੋ ਇਨਫ੍ਰਾਸਟਰਕਚਰ ਸਰਵਿਸ ਲਿਮਟਿਡ ਨਾਲ ਸਮਝੌਤਾ ਕੀਤਾ ਹੈ।
ਪਿਛਲੇ ਸਾਲ ਹੁੰਡਈ ਮੋਟਰ ਇੰਡੀਆ ਨੇ ਵੀ ਅਜਿਹੀ ਸੇਵਾ ਸ਼ੁਰੂ ਕੀਤੀ ਸੀ। ਇਸ ਦੀ ਸ਼ੁਰੂਆਤ ਛੇ ਸ਼ਹਿਰਾਂ 'ਚ ਕਿਰਾਏ ਦੇ ਵਾਹਨ ਮੁਹੱਈਆ ਕਰਾਉਣ ਵਾਲੀ ਇਕ ਕੰਪਨੀ ਦੀ ਭਾਈਵਾਲੀ ਨਾਲ ਕੀਤੀ ਗਈ ਸੀ। ਜਰਮਨ ਦੀ ਕਾਰ ਕੰਪਨੀ ਫਾਕਸਵੈਗਨ ਨੇ ਇਸ ਸਾਲ ਮਈ ਤੋਂ ਆਪਣੀਆਂ ਸਾਰੀਆਂ ਬੀ. ਐੱਸ.-6 ਕਾਰਾਂ ਨੂੰ ਕਿਰਾਏ 'ਤੇ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਗਾਹਕ ਘੱਟੋ-ਘੱਟ ਦੋ ਤੋਂ ਚਾਰ ਸਾਲਾਂ ਲਈ ਕਾਰ ਪੱਟੇ 'ਤੇ ਲੈ ਸਕਦੇ ਹਨ।


Sanjeev

Content Editor

Related News