LPG ਦੀ ਕੀਮਤ ਦੁੱਗਣੀ, ਪੈਟਰੋਲ-ਡੀਜ਼ਲ ਤੋਂ ਟੈਕਸ ਕੁਲੈਕਸ਼ਨ 'ਚ ਇੰਨਾ ਉਛਾਲ

Tuesday, Mar 09, 2021 - 09:19 AM (IST)

LPG ਦੀ ਕੀਮਤ ਦੁੱਗਣੀ, ਪੈਟਰੋਲ-ਡੀਜ਼ਲ ਤੋਂ ਟੈਕਸ ਕੁਲੈਕਸ਼ਨ 'ਚ ਇੰਨਾ ਉਛਾਲ

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਅਤੇ ਐੱਲ. ਪੀ. ਜੀ. ਕੀਮਤਾਂ ਨੂੰ ਲੈ ਕੇ ਆਮ ਲੋਕਾਂ ਦੀ ਜੇਬ ਲਗਾਤਾਰ ਢਿੱਲੀ ਹੋ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ 7 ਸਾਲਾਂ ਵਿਚ ਰਸੋਈ ਗੈਸ ਦੁੱਗਣੀ ਹੋ ਗਈ ਹੈ। ਉੱਥੇ ਹੀ, ਪੈਟਰੋਲ-ਡੀਜ਼ਲ 'ਤੇ ਟੈਕਸ ਵਸੂਲੀ ਵਿਚ 459 ਫ਼ੀਸਦੀ ਵਾਧਾ ਹੋਇਆ ਹੈ। ਇਸ ਦੀ ਜਾਣਕਾਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਬੀਤੇ ਦਿਨ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ 1 ਮਾਰਚ 2014 ਨੂੰ ਰਾਸ਼ਟਰੀ ਰਾਜਧਾਨੀ ਵਿਚ 14.2 ਕਿਲੋ ਘਰੇਲੂ ਗੈਸ ਸਿਲੰਡਰ ਦੀ ਕੀਮਤ 410.5 ਰੁਪਏ ਸੀ। ਇਸੇ ਸਿਲੰਡਰ ਦੀ ਕੀਮਤ ਇਸ ਮਹੀਨੇ 819 ਰੁਪਏ ਹੋ ਗਈ ਹੈ। ਪਿਛਲੇ ਸਾਲਾਂ ਵਿਚ ਕੀਮਤਾਂ ਵਿਚ ਥੋੜ੍ਹਾ-ਥੋੜ੍ਹਾ ਕਰਕੇ ਕੀਤੇ ਗਏ ਵਾਧੇ ਕਾਰਨ ਰਸੋਈ ਗੈਸ ਅਤੇ ਪੀ. ਡੀ. ਐੱਸ. ਤਹਿਤ ਦਿੱਤੇ ਜਾਂਦੇ ਮਿੱਟੀ ਦੇ ਤੇਲ 'ਤੇ ਸਬਸਿਡੀ ਵੀ ਖ਼ਤਮ ਹੋ ਗਈ ਹੈ।

2013 ਵਿਚ ਪੈਟਰੋਲ-ਡੀਜ਼ਲ 'ਤੇ 52,537 ਕਰੋੜ ਰੁਪਏ ਟੈਕਸ ਇਕੱਤਰ ਹੋਇਆ ਸੀ, ਜੋ ਸਾਲ 2019-20 ਵਿਚ ਵੱਧ ਕੇ 2.13 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਉੱਥੇ ਹੀ, ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਵਿਚ 2.94 ਲੱਖ ਕਰੋੜ ਰੁਪਏ 'ਤੇ ਪਹੁੰਚ ਚੁੱਕਾ ਹੈ। ਮੌਜੂਦਾ ਸਮੇਂ ਸਰਕਾਰ ਪੈਟਰੋਲ 'ਤੇ 32.90 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 31.80 ਰੁਪਏ ਪ੍ਰਤੀ ਲਿਟਰ ਆਬਕਾਰੀ ਕਰ ਵਸੂਲ ਰਹੀ ਹੈ। ਇਸ ਤੋਂ ਇਲਾਵਾ ਸੂਬਿਆਂ ਵਿਚ ਟੈਕਸ ਵੱਖ-ਵੱਖ ਹਨ, ਜਿਸ ਕਾਰਨ ਇਸ ਸਮੇਂ ਪੈਟਰੋਲ-ਡੀਜ਼ਲ ਰਿਕਾਰਡ 'ਤੇ ਹਨ।


author

Sanjeev

Content Editor

Related News