ਸ਼ੇਅਰ ਬਜ਼ਾਰ ਵਿਚ ਹਲਕਾ ਵਾਧਾ, ਸੈਂਸੈਕਸ 35548 ਅਤੇ ਨਿਫਟੀ 10647 'ਤੇ ਖੁੱਲ੍ਹਿਆ
Tuesday, Feb 19, 2019 - 09:49 AM (IST)

ਮੁੰਬਈ — ਪੁਲਵਾਮਾ ਅਟੈਕ ਤੋਂ ਬਾਅਦ ਸ਼ੇਅਰ ਬਜ਼ਾਰ ਵਿਚ ਮਾਯੂਸੀ ਦੀ ਸਥਿਤੀ ਲਗਾਤਾਰ ਬਣੀ ਹੋਈ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 49.61 ਅੰਕ ਯਾਨੀ ਕਿ 0.14 ਫੀਸਦੀ ਵਧ ਕੇ 35,548.05 'ਤੇ ਅਤੇ ਨਿਫਟੀ 6.05 ਅੰਕ ਯਾਨੀ ਕਿ 0.06 ਫੀਸਦੀ ਵਧ ਕੇ 10,647.00 'ਤੇ ਖੁੱਲ੍ਹਿਆ। ਏਸ਼ੀਆਈ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਦੇ ਬਾਵਜੂਦ ਟੀ.ਸੀ.ਐਸ., ਯੈਸ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਆਈ.ਟੀ.ਸੀ. ਵਰਗੀਆਂ ਦਿੱਗਜ ਕੰਪਨੀਆਂ 'ਚ ਹੋਈ ਵਿਕਰੀ ਦੇ ਦਬਾਅ 'ਚ ਘਰੇਲੂ ਸ਼ੇਅਰ ਬਜ਼ਾਰ ਸੋਮਵਾਰ ਨੂੰ ਲਗਾਤਾਰ ਅੱਠਵੇਂ ਦਿਨ ਲਾਲ ਨਿਸ਼ਾਨ ਵਿਚ ਬੰਦ ਹੋਏ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੁਚਕਾਂਕ ਸੈਂਸੈਕਸ 310.51 ਅੰਕ ਫਿਸਲ ਕੇ 35,498.44 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.45 ਅੰਕ ਦੀ ਗਿਰਾਵਟ 'ਚ 10,640.95 ਅੰਕ 'ਤੇ ਬੰਦ ਹੋਇਆ।
ਵਿਦੇਸ਼ੀ ਬਜ਼ਾਰਾਂ ਤੋਂ ਮਿਲੀਆਂ ਸਕਾਰਾਤਮਕ ਖਬਰਾਂ ਦੇ ਦਮ 'ਤੇ ਸੈਂਸੈਕਸ ਸਵੇਰੇ ਵਾਧੇ ਨਾਲ 35,831.18 ਅੰਕ 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਪਹਿਰ 'ਚ 35,912.44 ਅੰਕ ਨਾਲ ਦਿਨ ਦੇ ਉੱਚ ਪੱਧਰ 'ਤੇ ਪਹੁੰਚਿਆ। ਹਾਲਾਂਕਿ ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੇ ਤਿੰਨ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚਣ ਨਾਲ ਨਿਵੇਸ਼ਕਾਂ 'ਚ ਜਲਦੀ ਉਦਾਸੀਨਤਾ ਹਾਵੀ ਹੋ ਗਈ ਅਤੇ ਸੈਂਸੈਕਸ ਫਿਸਲਦਾ ਹੋਇਆ 35,470.76 ਅੰਕਾਂ ਨਾਲ ਦਿਨ ਦੇ ਹੇਠਲੇ ਪੱਧਰ 'ਤੇ ਆ ਗਿਆ। ਵੇਨੇਜੁਏਲਾ ਅਤੇ ਈਰਾਨ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਕਾਰਨ ਲੰਡਨ ਦਾ ਬ੍ਰੇਂਟ ਕਰੂਡ ਵਾਇਦਾ 0.6 ਫੀਸਦੀ ਦੀ ਤੇਜ਼ੀ ਨਾਲ 66.65 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।