ਜੀਵਨ ਬੀਮਾ ਕੰਪਨੀਆਂ ਸ਼ੁਰੂ ਕਰਨਗੀਆਂ ਸਿਹਤ ਜੀਵਨ ਬੀਮਾ ਯੋਜਨਾਵਾਂ

Monday, Aug 29, 2022 - 04:27 PM (IST)

ਜੀਵਨ ਬੀਮਾ ਕੰਪਨੀਆਂ ਸ਼ੁਰੂ ਕਰਨਗੀਆਂ ਸਿਹਤ ਜੀਵਨ ਬੀਮਾ ਯੋਜਨਾਵਾਂ

ਬਿਜਨਸ ਡੈਸਕ: ਜੀਵਨ ਬੀਮਾ ਕੰਪਨੀ ਨੂੰ ਆਈ. ਆਰ. ਡੀ. ਏ. ਆਈ. ਨੇ ਹੈਲਥ ਪਾਲਿਸੀਆਂ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਦਾ ਸੰਕੇਤ ਦਿੱਤਾ ਹੈ ਜਿਸ ਕਾਰਨ ਕਈ ਵੱਡੀਆਂ ਜੀਵਨ ਬੀਮਾ ਕੰਪਨੀਆਂ ਬੀਮਾ ਕਾਰੋਬਾਰ ਵਿਚ ਮੁੜ-ਪ੍ਰਵੇਸ਼ ਕਰਨ ਦਾ ਮਨ ਬਣਾ ਰਹੀਆਂ ਹਨ। ਭਾਰਤੀ ਜੀਵਨ ਬੀਮਾ ਨਿਗਮ ਐੱਲ. ਆਈ. ਸੀ. ਤੋਂ ਇਲਾਵਾ ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਲਾਈਫ਼, ਐੱਚ. ਡੀ. ਐੱਫ. ਸੀ. ਲਾਈਫ਼ ਅਤੇ ਬਜਾਜ ਅਲਾਇੰਸ ਲਾਈਫ਼ ਵਰਗੀਆਂ ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਸਾਲ 2016 ’ਚ ਪਾਬੰਦੀ ਤੋਂ ਪਹਿਲਾਂ ਉਨ੍ਹਾਂ ਦੀਆਂ ਕੰਪਨੀਆਂ ਮੈਡੀਕਲ ਪਾਲਿਸੀਆਂ ਵੀ ਪੇਸ਼ ਕਰ ਰਹੀਆਂ ਸਨ ਪਰ ਇੰਸ਼ੋਰੈਂਸ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਆਫ਼ ਇੰਡੀਆ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ।
ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਜਦੋਂ ਬੀਮਾ ਰੈਗੂਲੇਟਰ ਉਨ੍ਹਾਂ ਨੂੰ ਦੁਬਾਰਾ ਮੈਡੀਕਲੇਮ ਪਾਲਿਸੀਆਂ ਵੇਚਣ ਦੀ ਇਜਾਜ਼ਤ ਦੇਣ ਦਾ ਸੰਕੇਤ ਦੇ ਰਿਹਾ ਹੈ ਤਾਂ ਉਹ ਦੁਬਾਰਾ ਕਾਰੋਬਾਰ ਵਿਚ ਦਾਖਲ ਹੋਣ ਲਈ ਤਿਆਰ ਹਨ। ਇਹ ਸਾਰੀਆਂ ਕੰਪਨੀਆਂ ਵਰਤਮਾਨ ਵਿਚ ਗੈਰ-ਮੁਆਵਜ਼ਾ ਆਧਾਰਤ ਸਿਹਤ ਨੀਤੀਆਂ ਵੀ ਪੇਸ਼ ਕਰ ਰਹੀਆਂ ਹਨ। ਮੁਆਵਜ਼ਾ-ਆਧਾਰਿਤ ਸਿਹਤ ਯੋਜਨਾਵਾਂ ਜਿਵੇਂ ਕਿ ਮੈਡੀਕਲ ਪਾਲਿਸੀਆਂ ਦਾ ਸਾਲਾਨਾ ਨਵੀਨੀਕਰਨ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਇੱਕ ਸਾਲ ਲਈ ਵੇਚਿਆ ਜਾਂਦਾ ਹੈ। ਇਹ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਸਿਹਤ ਯੋਜਨਾਵਾਂ ਹਨ।
ਸਾਲ 2016 ਵਿੱਚ ਬੀਮਾ ਰੈਗੂਲੇਟਰ ਨੇ ਜੀਵਨ ਬੀਮਾ ਕੰਪਨੀਆਂ ਨੂੰ ਅਜਿਹੀਆਂ ਯੋਜਨਾਵਾਂ ਵੇਚਣ ਤੋਂ ਰੋਕ ਦਿੱਤਾ ਸੀ। ਉਸ ਸਮੇਂ ਤੋਂ ਜੀਵਨ ਬੀਮਾ ਕੰਪਨੀਆਂ ਨੂੰ ਸਿਰਫ਼ ਨਿਸ਼ਚਿਤ ਲਾਭ ਸਿਹਤ ਯੋਜਨਾਵਾਂ ਦੀ ਪੇਸ਼ਕਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ 'ਤੇ ਜੀਵਨ ਬੀਮਾ ਕੰਪਨੀ ਦਾ ਕਹਿਣਾ ਹੈ ਕਿ ਉਹ ਆਈ.ਆਰ.ਡੀ.ਏ.ਆਈ. ਵੱਲੋਂ ਦਿੱਤੀ ਗਈ ਤਜਵੀਜ਼ ਦੀ ਸਮੀਖਿਆ ਕਰ ਰਹੇ ਹਨ ਕਿਉਂਕਿ ਸਿਹਤ ਜੀਵਨ ਬੀਮਾ ਉਨ੍ਹਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਉਹ ਪਹਿਲਾਂ ਹੀ ਕਈ ਦਹਾਕਿਆਂ ਤੋਂ ਇਸ 'ਤੇ ਕੰਮ ਕਰ ਰਹੇ ਹਨ ਅਤੇ ਕਈ ਗੈਰ-ਮੁਆਵਜ਼ਾ ਉਤਪਾਦ ਵੀ ਪੇਸ਼ ਕਰ ਰਹੇ ਹਨ।ਆਈ.ਆਰ.ਡੀ.ਏ.ਆਈ. ਦੇ ਮੁਖੀ ਦੇਬਾਸ਼ੀਸ਼ ਪਾਂਡੇ ਨੇ ਕੁੱਝ ਸਮਾਂ ਪਹਿਲਾਂ ਕਿਹਾ ਸੀ ਕਿ 2030 ਤੱਕ ਹਰ ਨਾਗਰਿਕ ਲਈ ਸਿਹਤ ਨੀਤੀ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਜੀਵਨ ਬੀਮਾ ਕੰਪਨੀਆਂ ਸਿਹਤ ਖੇਤਰ ਵਿੱਚ ਮੁੜ ਪ੍ਰਵੇਸ਼ ਕਰਨਗੀਆਂ। ਇੱਕ ਨਿੱਜੀ ਖੇਤਰ ਦੀ ਕੰਪਨੀ ICICI ਪਰੂਡੈਂਸ਼ੀਅਲ ਲਾਈਫ਼ ਨੇ ਕਿਹਾ ਕਿ ਰੈਗੂਲੇਟਰੀ ਪਾਬੰਦੀਆਂ ਦੇ ਬਾਵਜੂਦ ਵੀ ਸਿਹਤ ਖੇਤਰ ਵਿੱਚ ਉਨ੍ਹਾਂ ਕੋਲ 2.63 ਲੱਖ ਗਾਹਕ ਹਨ। ਜੀਵਨ ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਉਹ  ਹੈੱਲਥ ਇੰਸ਼ੋਰੈਂਸ ਵਿਚ ਮੁੜ ਪ੍ਰਵੇਸ਼ ਕਰਨ ਲਈ ਉਤਸੁਕ ਹਨ।


author

Harnek Seechewal

Content Editor

Related News