ਅਡਾਨੀ ਸਮੂਹ ਦੀਆਂ ਕੰਪਨੀਆਂ ’ਚ LIC ਦੇ ਲੱਗੇ ਹਨ ਕਰੋੜਾਂ ਰੁਪਏ, ਬੀਮਾ ਕੰਪਨੀ ਨੇ ਦਿੱਤਾ ਸਪੱਸ਼ਟੀਕਰਨ

Tuesday, Jan 31, 2023 - 01:38 PM (IST)

ਅਡਾਨੀ ਸਮੂਹ ਦੀਆਂ ਕੰਪਨੀਆਂ ’ਚ LIC ਦੇ ਲੱਗੇ ਹਨ ਕਰੋੜਾਂ ਰੁਪਏ, ਬੀਮਾ ਕੰਪਨੀ ਨੇ ਦਿੱਤਾ ਸਪੱਸ਼ਟੀਕਰਨ

ਮੁੰਬਈ (ਭਾਸ਼ਾ) - ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਕਿਹਾ ਕਿ ਅਡਾਨੀ ਸਮੂਹ ਦੇ ਬਾਂਡ ਅਤੇ ਇਕਵਿਟੀ ’ਚ ਉਸ ਦੇ 36,474.78 ਕਰੋੜ ਰੁਪਏ ਲੱਗੇ ਹਨ ਅਤੇ ਇਹ ਰਾਸ਼ੀ ਬੀਮਾ ਕੰਪਨੀ ਦੇ ਕੁਲ ਨਿਵੇਸ਼ ਦਾ ਇਕ ਫੀਸਦੀ ਤੋਂ ਵੀ ਘੱਟ ਹੈ। ਐੈੱਲ. ਆਈ. ਸੀ. ਦੀ ਪ੍ਰਬੰਧਨ ਅਧੀਨ ਕੁਲ ਜਾਇਦਾਦ ਸਤੰਬਰ 2022 ਤਕ 41.66 ਲੱਖ ਕਰੋੜ ਰੁਪਏ ਤੋਂ ਵੱਧ ਸੀ। ਅਮਰੀਕੀ ਵਿੱਤੀ ਸੋਧ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ’ਚ ਅਡਾਨੀ ਸਮੂਹ ’ਤੇ ਲਾਏ ਦੋਸ਼ਾਂ ਤੋਂ ਬਾਅਦ ਤੋਂ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਲਗਾਤਾਰ ਟੁੱਟ ਰਹੇ ਹਨ। ਇਸੇ ਨੂੰ ਧਿਆਨ ’ਚ ਰੱਖ ਕੇ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਸੰਸਥਾਗਤ ਨਿਵੇਸ਼ਕ ਐੱਲ. ਆਈ. ਸੀ. ਨੇ ਇਹ ਖੁਲਾਸਾ ਕੀਤਾ ਹੈ।

ਐੱਲ. ਆਈ. ਸੀ. ਨੇ ਟਵੀਟ ਕੀਤਾ ਕਿ ਸਮੂਹ ਦੀਆਂ ਕੰਪਨੀਆਂ ’ਚ ਬੀਤੇ ਕੁਝ ਸਾਲਾਂ ’ਚ ਖਰੀਦੀ ਗਈ ਇਕਵਿਟੀ ਦਾ ਕੁਲ ਖਰੀਦ ਮੁੱਲ 30,127 ਕਰੋੜ ਰੁਪਏ ਹੈ ਅਤੇ 27 ਜਨਵਰੀ 2023 ਨੂੰ ਬਾਜ਼ਾਰ ਬੰਦ ਹੋਣ ਦੇ ਸਮੇਂ ਇਨ੍ਹਾਂ ਦਾ ਬਾਜ਼ਾਰ ਮੁੱਲ 56,142 ਕਰੋੜ ਰੁਪਏ ਸੀ। ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਹਨ। ਐੱਲ. ਆਈ. ਸੀ. ਨੇ ਵੱਖ-ਵੱਖ ਕੰਪਨੀਆਂ ’ਚ ਉਸ ਦੀ ਹਿੱਸੇਦਾਰੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਬੀਮਾ ਕੰਪਨੀ ਨੇ ਦੱਸਿਆ ਕਿ ਉਸ ਦੇ ਕੋਲ ਅਡਾਨੀ ਸਮੂਹ ਦੀਆਂ ਜੋ ਵੀ ਲੋਨ ਸਕਿਓਰਿਟੀਆਂ ਹਨ, ਉਨ੍ਹਾਂ ਦੀ ਕ੍ਰੈਡਿਟ ਰੇਟਿੰਗ ‘ਏਏ’ ਹੈ। ਅਡਾਨੀ ਐਂਟਰਪ੍ਰਾਈਜ਼ਿਜ਼ ਦੇ 20,000 ਕਰੋੜ ਰੁਪਏ ਦੇ ਐੱਫ. ਪੀ. ਓ. ’ਚ ਐੱਲ. ਆਈ. ਸੀ. ਨੇ ਐਂਕਰ ਨਿਵੇਸ਼ਕ ਦੇ ਤੌਰ ’ਤੇ 9,15,748 ਸ਼ੇਅਰਾਂ ਦੀ ਖਰੀਦ ਲਈ 300 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਕੰਪਨੀ ’ਚ ਉਸ ਦੀ ਪਹਿਲ ਨਾਲ 4.23 ਫੀਸਦੀ ਹਿੱਸੇਦਾਰੀ ਹੈ।


author

Harinder Kaur

Content Editor

Related News