IDBI ਸੌਦੇ ਨੂੰ LIC ਬੋਰਡ ਦੀ ਹਰੀ ਝੰਡੀ, ਬੈਂਕ 'ਚ ਹੋਵੇਗੀ 51% ਹਿੱਸੇਦਾਰੀ

07/16/2018 3:28:22 PM

ਮੁੰਬਈ—  ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਬੋਰਡ ਨੇ ਕਰਜ਼ੇ 'ਚ ਫਸੇ ਆਈ. ਡੀ. ਬੀ. ਆਈ. ਬੈਂਕ 'ਚ ਹਿੱਸੇਦਾਰੀ ਵਧਾਉਣ ਨੂੰ ਲੈ ਕੇ ਅੱਜ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਐੱਲ. ਆਈ. ਸੀ. ਬੈਂਕ 'ਚ ਆਪਣੀ ਹਿੱਸੇਦਾਰੀ ਵਧਾ ਕੇ 51 ਫੀਸਦੀ ਕਰ ਸਕੇਗਾ। ਇਸ ਸਮੇਂ ਆਈ. ਡੀ. ਬੀ. ਆਈ. ਬੈਂਕ 'ਚ ਸਰਕਾਰ ਦੀ ਹਿੱਸੇਦਾਰੀ 80.96 ਫੀਸਦੀ ਅਤੇ ਐੱਲ. ਆਈ. ਸੀ. ਦੀ 10.82 ਫੀਸਦੀ ਹੈ। ਐੱਲ. ਆਈ. ਸੀ. ਨੂੰ ਆਈ. ਡੀ. ਬੀ. ਆਈ. ਬੈਂਕ ਨਾਲ ਸੌਦਾ ਪੂਰਾ ਕਰਨ ਲਈ ਹੁਣ ਕੈਬਨਿਟ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਆਈ. ਡੀ. ਬੀ. ਆਈ. ਬੈਂਕ 'ਚ ਭਾਰਤੀ ਜੀਵਨ ਬੀਮਾ ਨਿਗਮ 4 ਨਿਰਦੇਸ਼ਕ ਨਿਯੁਕਤ ਕਰੇਗੀ।

ਐੱਨ. ਪੀ. ਏ. ਨਾਲ ਬੁਰੀ ਤਰ੍ਹਾਂ ਉਲਝੇ ਬੈਂਕ ਨੂੰ ਐੱਲ. ਆਈ. ਸੀ. ਦੇ ਨਿਵੇਸ਼ ਨਾਲ ਵੱਡਾ ਆਸਰਾ ਮਿਲੇਗਾ। ਬੈਂਕ ਦੀ ਹਾਲਤ ਇਹ ਹੈ ਕਿ ਮਾਰਚ ਤਿਮਾਹੀ 'ਚ ਉਸ ਦਾ ਕੁੱਲ ਐੱਨ. ਪੀ. ਏ. 55,600 ਕਰੋੜ ਰੁਪਏ ਸੀ ਅਤੇ ਇਸ ਦੌਰਾਨ ਉਸ ਨੂੰ 5,663 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ। ਇਸ ਸੌਦੇ ਨਾਲ ਐੱਲ. ਆਈ. ਸੀ. ਨੂੰ ਵੀ ਆਪਣਾ ਕਾਰੋਬਾਰ ਵਧਾਉਣ ਦਾ ਫਾਇਦਾ ਮਿਲੇਗਾ। ਬੀਮਾ ਕੰਪਨੀ ਬੈਂਕ ਬਰਾਂਚਾਂ ਦੀ ਮਦਦ ਨਾਲ ਆਪਣੇ ਪ੍ਰਾਡਕਟਸ ਨੂੰ ਵੇਚ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈ. ਆਰ. ਡੀ. ਏ. ਆਈ.) ਨੇ ਐੱਲ. ਆਈ. ਸੀ. ਨੂੰ ਬੈਂਕ 'ਚ 15 ਫੀਸਦੀ ਤੋਂ ਵੱਧ ਹਿੱਸੇਦਾਰੀ ਖਰੀਦਣ ਦੀ ਛੋਟ ਦਿੱਤੀ ਸੀ। ਉਂਝ ਬੀਮਾ ਕੰਪਨੀਆਂ ਨੂੰ ਕਿਸੇ ਵੀ ਕੰਪਨੀ 'ਚ 15 ਫੀਸਦੀ ਤੋਂ ਜ਼ਿਆਦਾ ਨਿਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੁੰਦੀ ਹੈ। ਇਸ ਲਈ ਐੱਲ. ਆਈ. ਸੀ. ਨੂੰ ਬੈਂਕ 'ਚ ਆਪਣਾ ਨਿਵੇਸ਼ ਵਧਾਉਣ ਲਈ ਪਹਿਲਾਂ ਬੀਮਾ ਰੈਗੂਲੇਟਰੀ ਦੀ ਵਿਸ਼ੇਸ਼ ਮਨਜ਼ੂਰੀ ਦੀ ਜ਼ਰੂਰਤ ਸੀ ਅਤੇ ਉਸ ਦੇ ਬਾਅਦ ਐੱਲ. ਆਈ. ਸੀ. ਬੋਰਡ ਨੇ ਇਹ ਫੈਸਲਾ ਲੈਣਾ ਸੀ ਕਿ ਉਸ ਨੂੰ ਕਿੰਨੀ ਹਿੱਸੇਦਾਰੀ ਬੈਂਕ 'ਚ ਵਧਾਉਣੀ ਚਾਹੀਦੀ ਹੈ।


Related News