LED ਬੱਲਬ ਅਗਲੇ ਮਹੀਨੇ ਹੋ ਸਕਦੇ ਹਨ 10 ਫੀਸਦੀ ਮਹਿੰਗੇ
Wednesday, Feb 19, 2020 - 08:33 PM (IST)

ਨਵੀਂ ਦਿੱਲੀ (ਇੰਟ.)-ਚੀਨ ’ਚ ਕੋਰੋਨਾ ਵਾਇਰਸ ਫੈਲਣ ਕਾਰਣ ਭਾਰਤ ’ਚ ਵੀ ਵਸਤੂਆਂ ਮਹਿੰਗੀਆਂ ਹੋ ਰਹੀਆਂ ਹਨ। ਮਾਰਚ ’ਚ ਐੱਲ. ਈ. ਡੀ. ਬੱਲਬ 10 ਫੀਸਦੀ ਮਹਿੰਗੇ ਹੋ ਸਕਦੇ ਹਨ। ਇਲੈਕਟ੍ਰਿਕ ਲੈਂਪ ਐਂਡ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਈ. ਐੱਲ. ਸੀ. ਓ. ਐੱਮ. ਏ.) ਨੇ ਚੀਨ ਤੋਂ ਸਪਲਾਈ ਘਟਣ ਦੀ ਵਜ੍ਹਾ ਨਾਲ ਕੀਮਤਾਂ ਵਧਣ ਦਾ ਖਦਸ਼ਾ ਜਤਾਇਆ ਹੈ। ਈ. ਐੱਲ. ਸੀ. ਓ. ਐੱਮ. ਏ. ਦੇ ਵਾਈਸ ਪ੍ਰੈਜ਼ੀਡੈਂਟ ਸੁਮਿਤ ਪਦਮਾਕਰ ਜੋਸ਼ੀ ਨੇ ਦੱਸਿਆ ਕਿ ਦੇਸ਼ ’ਚ ਐੱਲ. ਈ. ਡੀ. ਬੱਲਬ ਮੈਨੂਫੈਕਚਰਿੰਗ ’ਚ ਵਰਤੋਂ ਹੋਣ ਵਾਲੇ 30 ਫੀਸਦੀ ਕੰਪੋਨੈਂਟ ਚੀਨ ਤੋਂ ਆਉਂਦੇ ਹਨ ਪਰ ਅਜੇ ਸਪਲਾਈ ਘੱਟ ਹੋ ਰਹੀ ਹੈ ਕਿਉਂਕਿ ਕੋਰੋਨਾ ਵਾਇਰਸ ਫੈਲਣ ਕਾਰਣ ਚੀਨ ’ਚ ਪ੍ਰੋਡਕਸ਼ਨ ਘੱਟ ਹੋ ਰਹੀ ਹੈ।
ਜੋਸ਼ੀ ਦਾ ਕਹਿਣਾ ਹੈ ਕਿ ਸਪਲਾਈ ’ਚ ਕਮੀ ਦੀ ਵਜ੍ਹਾ ਨਾਲ ਕੁਨੈਕਟਿਡ ਲਾਈਟਿੰਗ ਸਲਿਊਸ਼ਨਜ਼ ਅਤੇ ਪ੍ਰੋਫੈਸ਼ਨਲ ਲਾਈਟਿੰਗ ਸੈਗਮੈਂਟ ਜ਼ਿਆਦਾ ਪ੍ਰਭਾਵਿਤ ਹੋਵੇਗਾ ਕਿਉਂਕਿ ਇਸ ਸੈਗਮੈਂਟ ਦੀ ਇੰਪੋਰਟਿਡ ਕੰਪੋਨੈਂਟ ’ਤੇ ਨਿਰਭਰਤਾ ਜ਼ਿਆਦਾ ਹੈ। ਐੱਲ. ਈ. ਡੀ. ਮੈਨੂਫੈਕਚਰਿੰਗ ਸੈਕਟਰ ਦੀਆਂ ਜ਼ਿਆਦਾਤਰ ਕੰਪਨੀਆਂ ਕੋਲ ਫਰਵਰੀ ਤੱਕ ਦਾ ਸਟਾਕ ਹੈ। ਮਾਰਚ ਤੋਂ ਜੋ ਪ੍ਰੋਡਕਟ ਬਾਜ਼ਾਰ ’ਚ ਆਉਣਗੇ, ਉਨ੍ਹਾਂ ਦੀਆਂ ਕੀਮਤਾਂ ਜ਼ਿਆਦਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਪਲਾਈ ’ਚ ਕਮੀ ਜਨਵਰੀ ’ਚ ਸ਼ੁਰੂ ਹੋ ਗਈ ਸੀ। ਇੰਡਸਟਰੀ ਨੇ ਸੋਚਿਆ ਸੀ ਕਿ ਥੋੜ੍ਹੇ ਦਿਨਾਂ ’ਚ ਹਾਲਾਤ ਸੁਧਰ ਜਾਣਗੇ ਪਰ ਅਜਿਹਾ ਨਹੀਂ ਹੋਇਆ। ਹਰ ਹਫਤੇ ਸਟਾਕ ਘਟ ਰਿਹਾ ਹੈ। ਅਜਿਹੇ ’ਚ ਮੈਨੂਫੈਕਚਰਰਜ਼ ਤਾਈਵਾਨ, ਹਾਂਗਕਾਂਗ ਅਤੇ ਦੱਖਣ ਕੋਰੀਆ ਤੋਂ ਕੰਪੋਨੈਂਟ ਮੰਗਵਾਉਣ ਦਾ ਬਦਲ ਵੀ ਲੱਭ ਰਹੇ ਹਨ।