ਇਟਲੀ ਦੇ ਕਿਸਾਨ ਦਾ ਪੁੱਤਰ ਸੀ ਲੈਂਬੋਰਗਿਨੀ, ਇਸ ਸ਼ੌਂਕ ਨੇ ਬਣਾ ''ਤਾ ''ਸਰਤਾਜ''

03/16/2020 3:25:00 PM

ਰੋਮ— ਯੂਰਪ 'ਚ ਅੱਜ ਕੋਰੋਨਾ ਵਾਇਰਸ ਕਾਰਨ ਸਭ ਤੋਂ ਬੁਰੀ ਤਰ੍ਹਾਂ ਇਟਲੀ ਪ੍ਰਭਾਵਿਤ ਹੈ, ਜਿੱਥੇ ਮੌਤਾਂ ਦੀ ਗਿਣਤੀ 1,809 ਹੋ ਗਈ ਹੈ। ਇਸ ਵਿਚਕਾਰ ਲੈਂਬੋਰਗਿਨੀ ਨੇ ਇਟਲੀ 'ਚ 25 ਮਾਰਚ ਤੱਕ ਪ੍ਰਾਡਕਸ਼ਨ ਬੰਦ ਕਰ ਦਿੱਤਾ ਹੈ। ਇਟਲੀ ਲਾਕਡਾਊਨ ਹੋਣ ਕਾਰਨ ਫਰਾਰੀ ਨੇ ਵੀ ਮਾਰਨੇਲੋ ਤੇ ਮੋਡੇਨਾ ਫੈਕਟਰੀ 'ਚ ਪ੍ਰਾਡਕਸ਼ਨ 27 ਮਾਰਚ ਤੱਕ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਸੁਪਰ ਲਗਜ਼ਰੀ ਕਾਰਾਂ ਦੀ ਗੱਲ ਆਉਂਦੀ ਹੈ ਤਾਂ ਲੈਂਬੋਰਗਿਨੀ ਦਾ ਨਾਮ ਅਕਸਰ ਆਉਂਦਾ ਹੈ ਪਰ ਕੀ ਤੁਸੀਂ ਇਸ ਦੇ ਸਫਰ ਬਾਰੇ ਜਾਣਦੇ ਹੋ? 1960 ਦੇ ਦਹਾਕੇ 'ਚ ਫੇਰੁਸ਼ਿਓ ਲੈਂਬੋਰਗਿਨੀ ਨੇ ਇਕ ਜਜ਼ਬੇ ਨਾਲ ਲਗਜ਼ਰੀ ਕਾਰਾਂ ਦੇ ਦੌਰ 'ਚ ਪੈਰ ਰੱਖਿਆ ਸੀ।

 

ਫੇਰੁਸ਼ਿਓ ਲੈਂਬੋਰਗਿਨੀ ਦਾ ਜਨਮ 1916 'ਚ ਇਕ ਕਿਸਾਨ ਪਰਿਵਾਰ 'ਚ ਹੋਇਆ ਸੀ। ਪਿਤਾ ਦੇ ਕਿਸਾਨ ਹੋਣ ਦੇ ਬਾਵਜੂਦ ਉਨ੍ਹਾਂ ਦੀ ਖੇਤੀ 'ਚ ਖਾਸ ਦਿਲਚਸਪੀ ਨਹੀਂ ਸੀ। ਲੈਂਬੋਰਗਿਨੀ ਦਾ ਸ਼ੌਂਕ ਕੁਝ ਹੋਰ ਹੀ ਸੀ। ਉਹ ਖੇਤੀ ਤੋਂ ਜ਼ਿਆਦਾ ਮਸ਼ੀਨਰੀ ਨਾਲ ਮੈਕੇਨਿਕੀ ਕਰਨਾ ਜ਼ਿਆਦਾ ਪਸੰਦ ਕਰਦੇ ਸਨ। 
ਬੇਟੇ ਦੀ ਦਿਲਚਸਪੀ ਦੇਖਦੇ ਹੋਏ ਪਿਤਾ ਨੇ ਉਨ੍ਹਾਂ ਨੂੰ ਮੈਕੇਨਿਕ ਦੀ ਪੜ੍ਹਾਈ ਲਈ ਬਾਹਰ ਭੇਜ ਦਿੱਤਾ। ਪੜ੍ਹਾਈ ਤੋਂ ਬਾਅਦ ਲੈਂਬੋਰਗਿਨੀ 1940 'ਚ ਇਟਾਲੀਅਨ ਰਾਇਲ ਏਅਰ ਫੋਰਸ 'ਚ ਚਲੇ ਗਏ, ਜਿੱਥੇ ਉਹ ਇਕ ਮੈਕੇਨਿਕ ਦੇ ਤੌਰ 'ਤੇ ਕੰਮ ਕਰਦੇ ਸਨ। ਹੌਲੀ-ਹੌਲੀ ਉਹ ਵਾਹਨ ਮੈਨਟੇਨੈਂਸ ਯੂਨਿਟ ਦੇ ਸੁਪਰਵਾਈਜ਼ਰ ਬਣ ਗਏ ਪਰ ਦੂਜੀ ਵਿਸ਼ਵ ਜੰਗ ਦੌਰਾਨ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਹੋਰ ਮੋੜ ਆਇਆ। ਉਸ ਸਮੇਂ ਉਨ੍ਹਾਂ ਨੂੰ ਬ੍ਰਿਟਿਸ਼ ਫੌਜੀ ਤਾਕਤਾਂ ਨੇ ਜੰਗੀ ਕੈਦੀ ਬਣਾ ਲਿਆ ਅਤੇ ਲੈਂਬੋਰਗਿਨੀ ਨੂੰ ਆਪਣੇ ਮੋਟਰਿੰਗ ਵਿਭਾਗ ਵਿੱਚ ਕੰਮ ਕਰਨ ਲਾ ਦਿੱਤਾ। ਇਸ ਤਰ੍ਹਾਂ ਫੇਰੁਸ਼ਿਓ ਨੂੰ ਆਪਣਾ ਤਜਰਬਾ ਪੂਰਾ ਕਰਨ ਦਾ ਮੌਕਾ ਮਿਲ ਗਿਆ। ਉੱਥੋਂ ਰਿਹਾਅ ਹੋਣ 'ਤੇ ਲੈਂਬੋਰਗਿਨੀ ਨੇ ਇਟਲੀ 'ਚ ਇਕ ਗੈਰਾਜ ਖੋਲ੍ਹਿਆ, ਜਿੱਥੇ ਉਨ੍ਹਾਂ ਨੇ ਆਪਣੇ ਸਮਰੱਥ ਦੇ ਦਮ 'ਤੇ ਸਪੇਅਰ ਪਾਰਟਸ ਅਤੇ ਬਚੇ ਹੋਏ ਫੌਜੀ ਵਾਹਨਾਂ ਤੋਂ ਟਰੈਕਟਰ ਨਿਰਮਾਣ ਦੇ ਵਪਾਰ 'ਚ ਪ੍ਰਵੇਸ਼ ਕੀਤਾ।

1947 'ਚ ਉਨ੍ਹਾਂ ਨੇ ਦੇਖਿਆ ਕਿ ਇਟਲੀ 'ਚ ਖੇਤੀ ਅਤੇ ਉਦਯੋਗਿਕ ਕ੍ਰਾਂਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਲੈਂਬੋਰਗਿਨੀ ਨੇ ਆਪਣਾ ਪਹਿਲਾ ਟਰੈਕਟਰ ਕੈਰੀਓਕਾ ਖੁਦ ਤਿਆਰ ਕੀਤਾ। ਇਸ ਟਰੈਕਟਰ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਲੈਂਬੋਰਗਿਨੀ ਟਰੈਟੋਰੀ ਨਾਮ ਨਾਲ ਕੰਪਨੀ ਖੜ੍ਹੀ ਕੀਤੀ ਅਤੇ ਟਰੈਕਟਰਾਂ ਦਾ ਨਿਰਮਾਣ ਸ਼ੁਰੂ ਕੀਤਾ। ਟਰੈਕਟਰਾਂ ਦੇ ਕਾਰੋਬਾਰ ਨੇ ਉਨ੍ਹਾਂ ਨੂੰ ਬਹੁਤ ਅਮੀਰ ਆਦਮੀ ਬਣਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਈ ਕਾਰਾਂ ਖਰੀਦਿਆਂ ਪਰ ਉਨ੍ਹਾਂ ਦੀ ਪਸੰਦੀਦਾ ਕਾਰ ਫਰਾਰੀ ਦੀ ਖਰਾਬੀ ਨੇ ਲੈਂਬੋਰਗਿਨੀ ਦੀ ਜ਼ਿੰਦਗੀ 'ਚ ਇਕ ਨਵਾਂ ਮੋੜ ਲੈ ਆਂਦਾ।

ਇਹ ਵੀ ਪੜ੍ਹੋ ► ਯੈੱਸ ਬੈਂਕ ਦਾ ਟਵੀਟ, 'ਹਜ਼ਾਰ ਤੋਂ ਵੱਧ ਬ੍ਰਾਂਚਾਂ 'ਚ ਵੀਰਵਾਰ ਤੋਂ ਮਿਲੇਗੀ ਹਰ ਸਰਵਿਸ' ► ਕੋਰੋਨਾ ਦੇ ਟੈਸਟ ਤੋਂ ਇਨਕਾਰ ਕਰਨ 'ਤੇ ਲੱਗ ਸਕਦਾ ਹੈ 91 ਹਜ਼ਾਰ ਜੁਰਮਾਨਾ

PunjabKesari
 

ਲੈਂਬੋਰਗਿਨੀ ਕਾਰਾਂ ਦਾ ਸਫਰ
ਲੈਂਬੋਰਗਿਨੀ ਨੇ ਰੇਸਿੰਗ ਪ੍ਰਤੀ ਆਪਣੇ ਸ਼ੌਂਕ ਨੂੰ ਦੇਖਦੇ ਹੋਏ 1958 'ਚ ਫਰਾਰੀ 250-ਜੀਟੀ ਖਰੀਦੀ। ਇਕ ਮੈਕੇਨਿਕ ਹੋਣ ਦੇ ਨਾਤੇ ਉਨ੍ਹਾਂ ਨੇ ਦੇਖਿਆ ਕਿ ਫਰਾਰੀ ਦੀ ਕਾਰ ਚੰਗੀ ਤਾਂ ਹੈ ਪਰ ਇਸ 'ਚ ਆਵਾਜ਼ ਜ਼ਿਆਦਾ ਹੁੰਦੀ ਹੈ ਅਤੇ ਸੜਕ 'ਤੇ ਬਹੁਤੀ ਵਧੀਆ ਨਹੀਂ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਦੇਖਿਆ ਕਿ ਕਾਰ ਦੇ ਕਲਚ ਨੂੰ ਦੁਰਸਤ ਕਰਨ ਦੀ ਵੀ ਜ਼ਰੂਰਤ ਹੈ। 1960 ਦੇ ਦਹਾਕੇ 'ਚ ਇੰਜ਼ੋ ਫਰਾਰੀ ਦੁਨੀਆ ਦੀ ਸਭ ਤੋਂ ਬਿਹਤਰ ਲਗਜ਼ਰੀ ਸਪੋਰਟਸ ਕਾਰਾਂ ਨੂੰ ਬਣਾਉਣ ਵਾਲਿਆਂ 'ਚੋਂ ਇਕ ਸੀ। ਲੈਂਬੋਰਗਿਨੀ ਨੇ ਸੋਚਿਆ ਕਿ ਉਹ ਫਰਾਰੀ ਨੂੰ ਕਾਰ ਦੀਆਂ ਕਮੀਆਂ ਬਾਰੇ ਦੱਸਣ, ਜੋ ਉਨ੍ਹਾਂ ਨੂੰ ਆਪਣੀ ਕਾਰ 'ਚ ਮਿਲੀਆਂ ਸਨ। 

PunjabKesari

ਫਰਾਰੀ ਇਕ ਵੱਡਾ ਨਾਮ ਸੀ ਅਤੇ ਉਨ੍ਹਾਂ ਨੇ ਇਕ ਨੌਜਵਾਨ ਟਰੈਕਟਰ ਮੈਕੇਨਿਕ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇੰਨਾ ਹੀ ਨਹੀਂ ਇੰਜ਼ੋ ਫਰਾਰੀ ਨੇ ਫੇਰੁਸ਼ਿਓ ਲੈਂਬੋਰਗਿਨੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਖਰਾਬੀ ਕਾਰ 'ਚ ਨਹੀਂ ਡਰਾਈਵਰ 'ਚ ਹੈ ਅਤੇ ਉਨ੍ਹਾਂ ਨੇ ਲੈਂਬੋਰਗਿਨੀ ਦੀ ਬੇਇੱਜ਼ਤੀ ਕਰਦੇ ਹੋਏ ਕਿਹਾ, ''ਲੈਂਬੋਰਗਿਨੀ, ਸ਼ਾਇਦ ਤੂੰ ਇਕ ਟਰੈਕਟਰ ਸਹੀ ਢੰਗ ਨਾਲ ਚਲਾਉਣ 'ਚ ਸਮਰੱਥ ਹੈ ਪਰ ਇਕ ਫਰਾਰੀ ਨੂੰ ਤੂੰ ਕਦੇ ਵੀ ਠੀਕ ਨਾਲ ਸੰਭਾਲ ਨਹੀਂ ਸਕੇਗਾ।'' ਇੰਜ਼ੋ ਫਰਾਰੀ ਦੀ ਲੈਂਬੋਰਗਿਨੀ ਬਾਰੇ ਅਪਮਾਨਜਨਕ ਟਿਪਣੀ ਦੇ ਨਤੀਜੇ ਗੰਭੀਰ ਸਨ। ਫਰਾਰੀ ਦਾ ਜਵਾਬ ਸੁਣ ਕੇ ਲੈਂਬੋਰਗਿਨੀ ਨੂੰ ਕਾਫ਼ੀ ਠੇਸ ਪਹੁੰਚੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿਉਂ ਨਹੀਂ ਉਹ ਫਰਾਰੀ ਤੋਂ ਵਧੀਆ ਕਾਰ ਬਣਾ ਸਕਦੇ। ਲੈਂਬੋਰਗਿਨੀ ਨੇ ਆਪਣੇ ਗੈਰਾਜ 'ਚ ਵਾਪਸ ਆ ਕੇ ਆਪਣੇ ਵਰਕਰਾਂ ਨਾਲ ਮਿਲ ਕੇ ਇਕ ਪੁਰਾਣੇ ਮਾਡਲ ਨੂੰ ਖੋਲ੍ਹਿਆ ਅਤੇ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਇਕ ਇਤਿਹਾਸਕ ਕਦਮ ਦੀ ਸ਼ੁਰੂਆਤ ਸੀ। ਅਕਤਬੂਰ 1963 'ਚ ਉਨ੍ਹਾਂ ਨੇ ਆਪਣੀ ਕਾਰ ਬਣਾ ਕੇ ਟੂਰਨਿ ਮੋਟਰ ਸ਼ੋਅ 'ਚ ਲੈਂਬੋਰਗਿਨੀ 350-ਜੀ. ਟੀ. ਵੀ. ਨੂੰ ਪੇਸ਼ ਕੀਤਾ। ਸਾਲ 1964 'ਚ ਉਨ੍ਹਾਂ ਦੀ ਕੰਪਨੀ ਨੇ 350-ਜੀ. ਟੀ. ਮਾਡਲ ਪੇਸ਼ ਕੀਤਾ। ਇਸ ਕਾਰ ਨੂੰ ਵੱਡੀ ਸਫਲਤਾ ਮਿਲੀ ਅਤੇ ਫਰਾਰੀ ਨੂੰ ਟੱਕਰ ਮਿਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਇੰਜਣ ਦੀ ਸਮਰੱਥਾ ਵਧਾਉਂਦੇ ਹੋਏ 400 ਜੀ. ਟੀ. ਨੂੰ ਪੇਸ਼ ਕੀਤਾ। ਅੱਜ ਲਗਜ਼ਰੀ ਸਪੋਰਟਸ ਕਾਰ ਬਾਜ਼ਾਰ 'ਚ ਲੈਂਬੋਰਗਿਨੀ ਦੀ ਆਪਣੀ ਖਾਸ ਜਗ੍ਹਾ ਹੈ, ਜਿਸ ਨੂੰ ਦੁਨੀਆ ਦੇ ਅਰਬਪਤੀ ਖਰੀਦਦੇ ਹਨ।

PunjabKesari

ਇਹ ਵੀ ਪੜ੍ਹੋ ► ਬੈਂਕ FD ਤੋਂ ਪਿੱਛੋਂ ਹੁਣ ਲੱਗੇਗਾ ਇਹ 'ਵੱਡਾ ਝਟਕਾ', ਸਰਕਾਰ ਘਟਾ ਸਕਦੀ ਹੈ ਦਰਾਂ ► ਇਟਲੀ 'ਚ ਨਰਸਾਂ ਦਾ ਬੁਰਾ ਹਾਲ, ਤਸਵੀਰਾਂ ਹੋਈਆਂ ਵਾਇਰਲ ► 17 ਮਾਰਚ ਤੋਂ ਕਈ ਫਲਾਈਟਾਂ ਰੱਦ, ਨਹੀਂ ਜਾ ਸਕੋਗੇ ਇਟਲੀ, ਫਰਾਂਸ, ਦੁਬਈ


Related News