‘ਤਿਓਹਾਰਾਂ ਤੋਂ ਪਹਿਲਾਂ ਰੋਜ਼ਗਾਰ ਬਾਜ਼ਾਰ ’ਚ 57 ਫੀਸਦੀ ਦਾ ਵਾਧਾ’

10/10/2021 11:15:57 AM

ਮੁੰਬਈ, (ਭਾਸ਼ਾ)– ਭਾਰਤੀ ਰੋਜ਼ਗਾਰ ਬਾਜ਼ਾਰ ’ਚ ਸਤੰਬਰ ’ਚ ਸਾਲਾਨਾ ਆਧਾਰ ’ਤੇ 57 ਫੀਸਦੀ ਦਾ ਵਾਧਾ ਹੋਇਆ ਹੈ। ਨੌਕਰੀ ਜੌਬਸਪੀਕ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਰੋਜ਼ਗਾਰ ਬਾਜ਼ਾਰ ਦਾ ਰਿਕਾਰਡ ਬਣਾਉਣ ਦਾ ਸਿਲਸਿਲਾ ਸਤੰਬਰ ’ਚ ਲਗਾਤਾਰ ਤੀਜੇ ਮਹੀਨੇ ਜਾਰੀ ਰਿਹਾ। ਕੁੱਲ 2753 ਰੋਜ਼ਗਾਰ ਨਿਯੁਕਤੀ ਦੇ ਨਾਲ ਇਹ ਸੂਚਕ ਅੰਕ ਕੋਵਿਡ ਤੋਂ ਪਹਿਲਾਂ ਦੇ ਪੱਧਰ ਸਤੰਬਰ 2019 ਦੀ ਤੁਲਨਾ ’ਚ 21 ਫੀਸਦੀ ਵਧਿਆ ਹੈ। ਨੌਕਰੀ ਜੌਬਸਪੀਕ ਇਕ ਮਹੀਨਾਵਾਰ ਇੰਡੈਕਸ ਹੈ ਜੋ ਮਹੀਨਾ ਦਰ ਮਹੀਨਾ ਨੌਕਰੀ ਡਾਟ ਕਾਮ ਵੈੱਬਸਾਈਟ ’ਤੇ ਰੋਜ਼ਗਾਰ ਸੂਚੀ ਦੇ ਆਧਾਰ ’ਤੇ ਨਿਯੁਕਤੀ ਸਰਗਰਮੀਆਂ ਦੀ ਗਣਨਾ ਅਤੇ ਉਸ ਨੂੰ ਰਿਕਾਰਡ ਕਰਦਾ ਹੈ।
ਨੌਕਰੀ ਜੌਬਸਪੀਕ ਦਾ ਟੀਚਾ ਵੱਖ-ਵੱਖ ਉਦਯੋਗਾਂ, ਸ਼ਹਿਰਾਂ ਅਤੇ ਤਜ਼ਰਬੇ ਦੇ ਪੱਧਰ ’ਤੇ ਭਰਤੀ ਸਰਗਰਮੀ ਨੂੰ ਮਾਪਣਾ ਹੈ। ਸਾਲ ਦਰ ਸਾਲ ਆਧਾਰ ’ਤੇ ਜ਼ਿਆਦਾਤਰ ਖੇਤਰਾਂ ਨੇ ਆਈ. ਟੀ. (138 ਫੀਸਦੀ) ਅਤੇ ਪ੍ਰਾਹੁਣਚਾਰੀ (82 ਫੀਸਦੀ ਤੋਂ ਵੱਧ) ਦੀ ਅਗਵਾਈ ’ਚ ਅਹਿਮ ਸਾਲਾਨਾ ਵਾਧਾ ਪ੍ਰਦਰਸ਼ਿਤ ਕੀਤਾ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਸੰਗਠਨਾਂ ਦਰਮਿਆਨ ਡਿਜੀਟਲ ਬਦਲਾਅ ਦੀ ਹਾਲ ਹੀ ਦੀ ਲਹਿਰ ਨਾਲ ਤਕਨੀਕੀ ਪੇਸ਼ੇਵਰਾਂ ਦੀ ਮੰਗ ਵਧੀ ਹੈ। ਆਈ. ਟੀ.-ਸਾਫਟਵੇਅਰ/ਸਾਫਟਵੇਅਰ ਸੇਵਾ ਖੇਤਰ ’ਚ ਸਾਲ ਦਰ ਸਾਲ ਆਧਾਰ ’ਤੇ ਸਤੰਬਰ 2021 ’ਚ 138 ਫੀਸਦੀ ਦਾ ਵਾਧਾ ਦਰਜ ਹੋਇਆ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਾਹੁਣਚਾਰੀ ਯਾਨੀ ਹੋਟਲ (82 ਫੀਸਦੀ) ਅਤੇ ਪ੍ਰਚੂਨ (70 ਫੀਸਦੀ ਤੋਂ ਵੱਧ) ਵਰਗੇ ਖੇਤਰ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਨ। ਸਤੰਬਰ ’ਚ ਦੇਸ਼ ਭਰ ’ਚ ਕਈ ਹੋਟਲ ਅਤੇ ਸਟੋਰਾਂ ਦੇ ਮੁੜ ਖੁੱਲ੍ਹਣ ਕਾਰਨ ਸਾਲਾਨਾ ਆਧਾਰ ’ਤੇ ਅਹਿਮ ਵਾਧਾ ਦੇਖਿਆ ਗਿਆ। ਸਤੰਬਰ 2020 ਦੀ ਤੁਲਨਾ ’ਚ ਸਿੱਖਿਆ (53 ਫੀਸਦੀ), ਬੈਂਕਿੰਗ/ਵਿੱਤੀ ਸੇਵਾਵਾਂ (43 ਫੀਸਦੀ) ਅਤੇ ਦੂਰਸੰਚਾਰ/ਆਈ. ਐੱਸ. ਪੀ. (37 ਫੀਸਦੀ ਤੋਂ ਵੱਧ) ਖੇਤਰਾਂ ’ਚ ਵੀ ਨਿਯੁਕਤੀ ਸਰਗਰਮੀ ਵਧੀ ਹੈ।


Rakesh

Content Editor

Related News