Jio, Airtel ਦਾ ਦਬਦਬਾ ਕਾਇਮ! Voda-Idea ਨੇ ਗੁਆਏ 12.12 ਲੱਖ ਉਪਭੋਗਤਾ

05/23/2023 3:18:35 PM

ਨਵੀਂ ਦਿੱਲੀ - ਇਸ ਸਮੇਂ ਦੇਸ਼ ਦੇ ਦੂਰਸੰਚਾਰ ਖੇਤਰ ਦੀ ਗਿਣਤੀ ਦੇ ਮਾਮਲੇ ਵਿੱਚ ਦੋ ਕੰਪਨੀਆਂ 'ਰਿਲਾਇੰਸ ਜੀਓ' ਅਤੇ 'ਭਾਰਤੀ ਏਅਰਟੈੱਲ' ਸਭ ਤੋਂ ਅੱਗੇ ਹਨ। ਇਹਨਾਂ ਦੋਵਾਂ ਕੰਪਨੀਆਂ ਨਾਲ ਹਰ ਰੋਜ਼ ਨਵੇਂ ਉਪਭੋਗਤਾ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੀ ਰਿਪੋਰਟ ਵਿੱਚ ਇਸ ਸਾਲ ਮਾਰਚ 2023 'ਚ ਟੈਲੀਕਾਮ ਕੰਪਨੀਆਂ ਦੇ ਪ੍ਰਦਰਸ਼ਨ ਬਾਰੇ ਦੱਸਿਆ ਗਿਆ ਹੈ। ਅੰਕੜਿਆਂ ਅਨੁਸਾਰ ਜੀਓ ਅਤੇ ਏਅਰਟੈੱਲ ਨੇ ਆਪਣੇ ਨਾਲ ਕਰੀਬ 40.8 ਲੱਖ ਨਵੇਂ ਗਾਹਕਾਂ ਨੂੰ ਜੋੜ ਲਿਆ ਹੈ। ਨਾਲ ਹੀ ਵੋਡਾਫੋਨ ਆਈਡੀਆ (ਵੀਆਈ) ਅਤੇ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਨੇ ਆਪਣੇ ਕਈ ਗਾਹਕ ਗੁਆ ਦਿੱਤੇ ਹਨ।

Reliance Jio ਨੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਕਰ ਦਿੱਤਾ ਹੈ। ਕੰਪਨੀ ਨੇ ਮਾਰਚ ਮਹੀਨੇ 'ਚ 30 ਲੱਖ 50 ਹਜ਼ਾਰ 767 ਨਵੇਂ ਗਾਹਕਾਂ ਨੂੰ ਜੋੜਿਆ ਹੈ। ਫਰਵਰੀ 'ਚ ਇਸ ਦੇ ਕੁੱਲ ਵਾਇਰਲੈੱਸ ਗਾਹਕ 42.71 ਕਰੋੜ ਸਨ, ਜੋ ਮਾਰਚ 'ਚ ਵਧ ਕੇ 43.02 ਕਰੋੜ ਹੋ ਗਏ। Airtel ਦੇ ਗਾਹਕਾਂ ਦੀ ਕੁੱਲ ਸੰਖਿਆ ਹੁਣ 37.09 ਕਰੋੜ ਤੱਕ ਪਹੁੰਚ ਗਈ ਹੈ, ਜੋ ਫਰਵਰੀ ਮਹੀਨੇ ਵਿੱਚ 36.98 ਕਰੋੜ ਸੀ।

Vodafone Idea ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਕੰਪਨੀ ਨੇ ਆਪਣੇ 12 ਲੱਖ 12 ਹਜ਼ਾਰ 255 ਗਾਹਕ ਗੁਆ ਦਿੱਤੇ ਹਨ। ਫਰਵਰੀ ਮਹੀਨੇ ਵਿੱਚ ਵੀ ਕੰਪਨੀ ਨੇ 20 ਲੱਖ ਗਾਹਕ ਗੁਆ ਦਿੱਤੇ ਸਨ। ਮਾਰਚ ਮਹੀਨੇ 'ਚ Vodafone Idea ਦੇ ਵਾਇਰਲੈੱਸ ਗਾਹਕਾਂ ਦੀ ਕੁੱਲ ਗਿਣਤੀ ਘੱਟ ਕੇ 23.67 ਕਰੋੜ ਰਹਿ ਗਈ ਹੈ, ਜੋ ਫਰਵਰੀ 'ਚ 23.79 ਕਰੋੜ ਸੀ। ਇਸ ਮੌਕੇ ਜੇਕਰ ਗੱਲ BSNL ਦੀ ਕੀਤੀ ਜਾਵੇ ਤਾਂ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ 5 ਲੱਖ 19 ਹਜ਼ਾਰ 8 ਗਾਹਕ ਗਵਾ ਦਿੱਤੇ ਹਨ। BSNL ਦੇ ਗਾਹਕਾਂ ਦੀ ਗਿਣਤੀ ਫਰਵਰੀ 'ਚ 10.40 ਕਰੋੜ ਸੀ, ਜੋ ਮਾਰਚ ਮਹੀਨੇ 'ਚ ਘੱਟ ਕੇ 10.35 ਕਰੋੜ 'ਤੇ ਆ ਗਈ।


rajwinder kaur

Content Editor

Related News