ਵੱਡੀ ਖ਼ਬਰ! ਹੁਣ ਜਿਊਲਰ ਤੋਂ ਸੋਨਾ ਖ਼ਰੀਦਣ ਲਈ ਦੇਣਾ ਪਵੇਗਾ ਪੈਨ ਜਾਂ ਆਧਾਰ
Wednesday, Jan 06, 2021 - 02:31 PM (IST)
ਨਵੀਂ ਦਿੱਲੀ- ਗਹਿਣੇ ਖ਼ਰੀਦਣ ਵਾਲੇ ਹੋ ਤਾਂ ਹੁਣ ਤੁਹਾਨੂੰ ਖ਼ਰੀਦ ਤੋਂ ਪਹਿਲਾਂ ਕੇ. ਵਾਈ. ਸੀ. ਦਸਤਾਵੇਜ਼ਾਂ ਦੀ ਜ਼ਰੂਰਤ ਹੋ ਸਕਦੀ ਹੈ। ਇਸ ਦੀ ਵਜ੍ਹਾ ਹੈ ਕਿ ਜਿਊਲਰਾਂ ਨੇ 2 ਲੱਖ ਰੁਪਏ ਤੋਂ ਘੱਟ ਦੇ ਸੋਨੇ ਦੀ ਨਕਦ ਖ਼ਰੀਦ ਲਈ ਵੀ ਪੈਨ ਅਤੇ ਆਧਾਰ ਵਰਗੇ ਦਸਤਾਵੇਜ਼ ਮੰਗਣਾ ਸ਼ੁਰੂ ਕਰ ਦਿੱਤਾ ਹੈ।
ਜਿਊਲਰਾਂ ਨੂੰ ਡਰ ਹੈ ਕਿ ਆਉਣ ਵਾਲੇ ਬਜਟ ਵਿਚ ਸਰਕਾਰ ਸਾਰੇ ਤਰ੍ਹਾਂ ਦੇ ਨਕਦ ਲੈਣ-ਦੇਣ ਲਈ ਕੇ. ਵਾਈ. ਸੀ. ਲਾਜ਼ਮੀ ਕਰ ਸਕਦੀ ਹੈ। ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਸੈਕਟਰ ਲਈ ਕਾਲਾ ਧਨ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੀ ਸ਼ੁਰੂਆਤ ਤੋਂ ਬਾਅਦ ਕੋਈ ਸ਼ੱਕੀ ਲੈਣ-ਦੇਣ ਮਿਲਣ 'ਤੇ ਸਰਕਾਰੀ ਏਜੰਸੀਆਂ ਉਨ੍ਹਾਂ 'ਤੇ ਸ਼ਿਕੰਜਾ ਕੱਸ ਸਕਦੀਆਂ ਹਨ।
ਇਹ ਵੀ ਪੜ੍ਹੋ- 6 ਜਨਵਰੀ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ, ਜਾਣੋ ਇਹ 5 ਅਹਿਮ ਗੱਲਾਂ
ਹਾਲਾਂਕਿ, ਮੌਜੂਦਾ ਨਿਯਮਾਂ ਤਹਿਤ ਜੇਕਰ ਕੋਈ ਦੋ ਲੱਖ ਜਾਂ ਇਸ ਤੋਂ ਵੱਧ ਦਾ ਸੋਨਾ ਖ਼ਰੀਦਦਾ ਹੈ ਤਾਂ ਉਸ ਨੂੰ ਕੇ. ਵਾਈ. ਸੀ. ਦਸਤਾਵੇਜ਼ ਦੇਣ ਦੀ ਜ਼ਰੂਰਤ ਹੁੰਦੀ ਹੈ। ਗੌਰਤਲਬ ਹੈ ਕਿ ਸੋਨੇ, ਚਾਂਦੀ, ਹੀਰੇ ਅਤੇ ਹੋਰ ਕੀਮਤੀ ਪੱਥਰਾਂ ਵਿਚ ਨਕਦ ਲੈਣ-ਦੇਣ ਪੀ. ਐੱਮ. ਐੱਲ. ਏ. ਦੇ ਦਾਇਰੇ ਵਿਚ ਆ ਗਏ ਹਨ। ਵਿੱਤ ਮੰਤਰਾਲਾ ਨੇ ਹਾਲ ਹੀ ਵਿਚ ਕਿਹਾ ਹੈ ਕਿ 10 ਲੱਖ ਰੁਪਏ ਮੁੱਲ ਦੇ ਨਕਦ ਲੈਣ-ਦੇਣ ਜਾਂ ਇਕ ਹੀ ਗਾਹਕ ਨਾਲ ਇੰਨੀ ਵੱਡੀ ਰਾਸ਼ੀ ਦੇ ਸੌਦੇ ਦਾ ਰਿਕਾਰਡ ਰੱਖਣਾ ਹੋਵੇਗਾ। ਉੱਥੇ ਹੀ, ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ 24 ਕੈਰੇਟ ਸੋਨੇ ਦੀ ਕੀਮਤ 50 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਹੈ। ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਇਸ ਦੀ ਕੀਮਤ 50,969 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 50,634 ਰੁਪਏ ਪ੍ਰਤੀ ਦਸ ਗ੍ਰਾਮ ਸੀ।
ਇਹ ਵੀ ਪੜ੍ਹੋ- ਇਸ ਤਾਰੀਖ਼ ਤੋਂ ਭਾਰਤ 'ਚ ਸ਼ੁਰੂ ਹੋ ਸਕਦਾ ਹੈ ਕੋਵਿਡ ਟੀਕਾਕਰਨ