JetAirways ਮੁੜ ਉਡਾਣ ਭਰਨ ਲਈ ਤਿਆਰ, ਫਾਸਟ ਟ੍ਰੈਕ ਰੈਜ਼ੋਲਿਊਸ਼ਨ ਲਈ NCLT ਨਾਲ ਕੀਤਾ ਸੰਪਰਕ
Sunday, Dec 19, 2021 - 11:02 AM (IST)
ਮੁੰਬਈ (ਭਾਸ਼ਾ) – ਜੈੱਟ ਏਅਰਵੇਜ਼ ਦੇ ਜਹਾਜ਼ ਛੇਤੀ ਹੀ ਅਸਮਾਨ ’ਚ ਉੱਡਦੇ ਨਜ਼ਰ ਆਉਣਗੇ। ਦਰਅਸਲ ਦਿਵਾਲੀਆ ਹੋ ਚੁੱਕੀ ਜੈੱਟ ਏਅਰਵੇਜ਼ ਦੀ ਬੋਲੀ ਜਿੱਤਣ ਵਾਲੇ ਕੰਸੋਰਟੀਅਮ ਨੇ ਕਿਹਾ ਕਿ ਉਹ ਇਸ ਏਅਰਲਾਈਨ ’ਚ ਪੈਸਾ ਲਗਾਉਣ ਨੂੰ ਤਿਆਰ ਹੈ ਅਤੇ ਇਸ ਲਈ ਉਸ ਨੇ ਕਰਜ਼ਾ ਸਲਿਊਸ਼ਨ ਯੋਜਨਾ ’ਤੇ ਅਮਲ ਦੀ ਪ੍ਰਕਿਰਿਆ ਤੇਜ਼ ਕਰਨ ਦੀ ਮੰਗ ਕੀਤੀ ਹੈ।
ਮੁਰਾਰੀ ਲਾਲ ਜਾਲਾਨ ਅਤੇ ਫਲੋਰੀਅਨ ਫਰਿਸ਼ਚ ਦੇ ਕੰਸੋਰਟੀਅਮ ਨੇ ਆਪਣੇ ਬਿਆਨ ’ਚ ਕਿਹਾ ਕਿ ਉਸ ਨੇ ਸਲਿਊਸ਼ਨ ਯੋਜਨਾ ’ਤੇ ਅਮਲ ਨੂੰ ਤੇਜ਼ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਯਾਨੀ ਐੱਨ. ਸੀ. ਐੱਲ. ਟੀ. ਨਾਲ ਸੰਪਰਕ ਕੀਤਾ ਹੈ। ਉਸ ਨੇ ਕਿਹਾ ਕਿ ਉਹ ਜੈੱਟ ਏਅਰਵੇਜ਼ ਦੀ ਘਰੇਲੂ ਆਪ੍ਰੇਟਿੰਗ ਸਾਲ 2022 ’ਚ ਮੁੜ ਸ਼ੁਰੂ ਕਰਨ ’ਤੇ ਕੰਮ ਕਰ ਰਿਹਾ ਹੈ। ਆਈ. ਬੀ. ਸੀ. (ਇਨਸਾਲਵੈਂਸੀ ਅਤੇ ਬੈਂਕਰਪਸੀ ਕੋਡ) ਦੇ ਤਹਿਤ ਚਲਾਈ ਗਈ ਕਰਜ਼ਾ ਸਲਿਊਸ਼ਨ ਪ੍ਰਕਿਰਿਆ ਦੇ ਤਹਿਤ ਇਸ ਕੰਸੋਰਟੀਅਮ ਵਲੋਂ ਪੇਸ਼ ਯੋਜਨਾ ਨੂੰ ਐੱਨ. ਸੀ. ਐੱਲ. ਟੀ. ਨੇ ਬੀਤੇ ਜੂਨ ਮਹੀਨੇ ’ਚ ਮਨਜ਼ੂਰੀ ਦੇ ਦਿੱਤੀ ਸੀ। ਕੰਸੋਰਟੀਅਮ ਨੇ ਕਿਹਾ ਕਿ ਉਹ ਪ੍ਰਵਾਨਿਤ ਯੋਜਨਾ ਮੁਤਾਬਕ ਸਾਰੇ ਹਿੱਤਧਾਰਕਾਂ ਨੂੰ ਬਕਾਇਆ ਭੁਗਤਾਨ ਕਰਨਾ ਚਾਹੁੰਦਾ ਹੈ, ਜਿਸ ’ਚ ਜੈੱਟ ਏਅਰਵੇਜ਼ ਦੇ ਸਾਬਕਾ ਕਰਮਚਾਰੀ, ਮਜ਼ਦੂਰ ਅਤੇ ਕਰਜ਼ਦਾਤਾਤਾ ਸੰਸਥਾਨ ਸ਼ਾਮਲ ਹਨ। ਉਸ ਨੇ ਕਿਹਾ ਕਿ ਉਸ ਦੇ ਕੋਲ ਜ਼ਰੂਰੀ ਪੂੰਜੀ ਦਾ ਇੰਤਜ਼ਾਮ ਹੋ ਗਿਆ ਹੈ ਅਤੇ ਹੁਣ ਉਹ ਸਲਿਊਸ਼ਨ ਯੋਜਨਾ ’ਤੇ ਤੇਜ਼ੀ ਨਾਲ ਅਮਲ ਕਰਨਾ ਚਾਹੁੰਦਾ ਹੈ। ਕੰਸੋਰਟੀਅਮ ਨੇ ਐੱਨ. ਸੀ. ਐੱਲ. ਟੀ. ਦੇ ਸਾਹਮਣੇ ਦਾਖਲ ਕੀਤੀ ਗਈ ਅਰਜ਼ੀ ’ਚ ਕਿਹਾ ਕਿ ਉਹ 22 ਦਸੰਬਰ 2021 ਤੋਂ ਇਸ ਯੋਜਨਾ ਨੂੰ ਪ੍ਰਭਾਵ ’ਚ ਲਿਆਉਣਾ ਚਾਹੁੰਦਾ ਹੈ। ਇਸ ਦਰਮਿਆਨ ਆਪ੍ਰੇਟਿੰਗ ਸਬੰਧੀ ਮੁੱਦਿਆਂ ’ਤੇ ਉਹ ਅਧਿਕਾਰੀਆਂ ਅਤੇ ਏਅਰਪੋਰਟ ਸੰਚਾਲਕਾਂ ਦੇ ਸੰਪਰਕ ’ਚ ਵੀ ਹੈ। ਕੰਸੋਰਟੀਅਮ ਦੇ ਪ੍ਰਮੁੱਖ ਮੈਂਬਰ ਜਾਲਾਨ ਨੇ ਕਿਹਾ ਕਿ ਅਸੀਂ ਘਰੇਲੂ ਜਹਾਜ਼ ਆਪ੍ਰੇਟਿੰਗ ਸਾਲ 2022 ’ਚ ਛੇਤੀ ਸ਼ੁਰੂ ਕਰਨਾ ਚਾਹੁੰਦੇ ਹਾਂ। ਜੈੱਟ ਏਅਰਵੇਜ਼ ’ਚ ਨਵੀਂ ਜਾਨ ਫੂਕਣ ਦੇ ਨਾਲ ਅਸੀਂ ਨਵਾਂ ਇਤਿਹਾਸ ਬਣਾਉਣ ਦਾ ਇੰਤਜ਼ਾਰ ਕਰ ਰਹੇ ਹਾਂ।