ਜੈੱਟ ਏਅਰਵੇਜ਼ ਦੇ ਬੋਰਡ ਤੋਂ ਅਸਤੀਫਾ ਦੇ ਸਕਦੇ ਹਨ ਨਰੇਸ਼ ਗੋਇਲ

01/22/2019 7:09:56 PM

ਨਵੀਂ ਦਿੱਲੀ— ਜੈੱਟ ਏਅਰਵੇਜ਼ ਨੂੰ ਡੁੱਬਣ ਤੋਂ ਬਚਾਉਣ ਲਈ ਕੰਪਨੀ ਦੇ ਪ੍ਰਮੋਟਰ ਨਰੇਸ਼ ਗੋਇਲ ਬੋਰਡ ਤੋਂ ਅਸਤੀਫਾ ਦੇ ਸਕਦੇ ਹਨ। ਗੋਇਲ ਆਬੂਧਾਬੀ ਦੀ ਕੰਪਨੀ ਏਤਿਹਾਦ ਏਅਰਵੇਜ਼ ਵਲੋਂ ਕੰਪਨੀ ਵਿਚ ਆਪਣੀ ਹਿੱਸੇਦਾਰੀ ਵਧਾਉਣ ਲਈ ਸਹੀ ਕੀਮਤ ਦਾ ਇੰਤਜ਼ਾਰ ਕਰ ਰਹੇ ਹਨ। ਏਤਿਹਾਦ ਨੇ ਪਿਛਲੇ ਹਫ਼ਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਕਿਹਾ ਸੀ ਕਿ ਉਹ 150 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਜੈੱਟ ਏਅਰਵੇਜ਼ ਦੇ ਸ਼ੇਅਰ ਖਰੀਦੇਗੀ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਗੋਇਲ ਅਸਤੀਫਾ ਨਾ ਦੇਣ 'ਤੇ ਅੜੇ ਹੋਏ ਹਨ। ਉਹ ਬਸ ਸਹੀ ਕੀਮਤ ਮਿਲਣ ਤੱਕ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਦੇ ਸੰਕਟ ਵਿਚ ਹੋਣ ਦੇ ਬਾਵਜੂਦ ਗੋਇਲ ਭਾਰੀ ਮੁੱਲ-ਭਾਅ ਕਰ ਰਹੇ ਹਨ।
ਜੇਕਰ ਟੇਕਓਵਰ ਨਾਲ ਕੰਪਨੀ ਦੇ ਪ੍ਰਬੰਧਨ ਵਿਚ ਬਦਲਾਅ ਹੁੰਦਾ ਹੈ ਤਾਂ ਨਵੇਂ ਖਰੀਦਦਾਰ ਨੂੰ 25 ਫ਼ੀਸਦੀ ਵਾਧੂ ਸ਼ੇਅਰਾਂ ਲਈ ਓਪਨ ਆਫਰ ਲਿਆਉਣਾ ਪਵੇਗਾ। ਪਿਛਲੇ 52 ਹਫ਼ਤਿਆਂ ਵਿਚ ਜੈੱਟ ਏਅਰਵੇਜ਼ ਦਾ ਸ਼ੇਅਰ ਵੱਧ ਤੋਂ ਵੱਧ 830 ਰੁਪਏ, ਜਦੋਂ ਕਿ ਘੱਟ ਤੋਂ ਘੱਟ 163 ਰੁਪਏ ਦਾ ਪੱਧਰ ਛੂਹ ਚੁੱਕਾ ਹੈ। ਸਹੀ ਕੀਮਤ ਮਿਲਣ 'ਤੇ ਅਸਤੀਫੇ ਨੂੰ ਲੈ ਕੇ ਗੋਇਲ ਦੀ ਸਹਿਮਤੀ 'ਤੇ ਜੈੱਟ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ, ਉਥੇ ਹੀ ਏਤਿਹਾਦ ਨੇ ਵੀ ਏਅਰਵੇਜ਼ ਲਈ ਕੀਮਤ ਵਧਾਉਣ ਨੂੰ ਲੈ ਕੇ ਅਜੇ ਕੁਝ ਨਹੀਂ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਏਤਿਹਾਦ ਇਕ ਫ੍ਰੀ ਆਫਰ ਦੇ ਨਾਲ ਐੱਸ. ਬੀ. ਆਈ. ਦਾ ਰੁਖ਼ ਕਰੇਗੀ। ਜੈੱਟ 'ਤੇ ਬੈਂਕਾਂ ਦਾ 8200 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ ਅਤੇ ਉਨ੍ਹਾਂ ਬੈਂਕਾਂ ਦੇ ਕੰਸੋਰਟੀਅਮ ਦੀ ਅਗਵਾਈ ਐੱਸ. ਬੀ. ਆਈ. ਹੀ ਕਰ ਰਿਹਾ ਹੈ।
.


Related News