ਵਾਇਨਾਡ ਨੂੰ ਛੱਡ ਸਕਦੇ ਹਨ ਰਾਹੁਲ ਗਾਂਧੀ!

06/09/2024 5:37:11 PM

ਨਵੀਂ ਦਿੱਲੀ- ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਖਾਲੀ ਕਰ ਰਹੇ ਹਨ। ਉਹ ਰਾਏਬਰੇਲੀ ਦੀ ਸੀਟ ਆਪਣੇ ਕੋਲ ਰੱਖ ਸਕਦੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਵਾਇਨਾਡ ਤੋਂ ਹੀ ਚੋਣ ਲੜ ਕੇ ਸੰਸਦ ਮੈਂਬਰ ਬਣਨਾ ਚਾਹੁੰਦੇ ਸਨ। ਉਹ ਰਾਏਬਰੇਲੀ ਤੋਂ ਚੋਣ ਲੜਨ ਦੇ ਇੱਛੁਕ ਵੀ ਨਹੀਂ ਸਨ।

ਉਨ੍ਹਾਂ ਪਹਿਲਾਂ ਵੀ ਇਹ ਕਿਹਾ ਸੀ ਕਿ ਜੇ ਉਹ ਰਾਏਬਰੇਲੀ ਤੋਂ ਚੋਣ ਲੜ ਕੇ ਜਿੱਤ ਜਾਂਦੇ ਹਨ ਤਾਂ ਵਾਇਨਾਡ ’ਚ ਉਨ੍ਹਾਂ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨਗੇ ਪਰ ਉਨ੍ਹਾਂ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸ਼ਬਦਾਂ ’ਤੇ ਧਿਆਨ ਦਿੱਤਾ, ਜਿਨ੍ਹਾਂ ਕਿਹਾ ਸੀ ਕਿ ਤੁਸੀਂ ਰਾਏਬਰੇਲੀ ਤੋਂ ਵੀ ਚੋਣ ਲੜੋ ਅਤੇ 4 ਜੂਨ ਤੋਂ ਬਾਅਦ ਇਕ ਸੀਟ ਨੂੰ ਛੱਡਣ ਦਾ ਫੈਸਲਾ ਕਰੋ।

ਦੋਵੇਂ ਸੀਟਾਂ ਜਿੱਤਣ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਫੈਸਲਾ ਲੈਣਾ ਹੈ ਕਿ ਉਨ੍ਹਾਂ ਕਿਹੜੀ ਸੀਟ ਛੱਡਣੀ ਹੈ? ਰਾਹੁਲ ’ਤੇ ਯੂ. ਪੀ. ਤੇ ਉੱਤਰੀ ਭਾਰਤ ਦੇ ਹੋਰ ਨੇਤਾਵਾਂ ਦਾ ਰਾਏਬਰੇਲੀ ਸੀਟ ਨਾ ਛੱਡਣ ਲਈ ਭਾਰੀ ਦਬਾਅ ਹੈ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਦੀ ਕੇਰਲ ਇਕਾਈ ਦਾ ਵਿਚਾਰ ਹੈ ਕਿ ਜੇ ਰਾਹੁਲ ਗਾਂਧੀ ਸੀਟ ਖਾਲੀ ਕਰਦੇ ਹਨ ਤਾਂ ਗਾਂਧੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇੱਥੋਂ ਚੋਣ ਲੜਨ ਲਈ ਕਿਹਾ ਜਾਵੇ।

ਵੇਣੂਗੋਪਾਲ ਚਾਹੁੰਦੇ ਹਨ ਕਿ ਪ੍ਰਿਯੰਕਾ ਗਾਂਧੀ ਅਾਪਣੇ ਭਰਾ ਵਲੋਂ ਛੱਡੀ ਗਈ ਖਾਲੀ ਥਾਂ ਨੂੰ ਭਰੇ। ਜੇ ਪ੍ਰਿਯੰਕਾ ਗਾਂਧੀ ਨੂੰ ਵਾਇਨਾਡ ਦੇ ਚੋਣ ਮੈਦਾਨ ’ਚ ਉਤਾਰਿਆ ਜਾਂਦਾ ਹੈ ਤਾਂ ਪਾਰਟੀ ਰਾਹੁਲ ਵਲੋਂ ਵਾਇਨਾਡ ਦੇ ਲੋਕਾਂ ਨਾਲ ਬਣਾਏ ਗਏ ਵਿਸ਼ੇਸ਼ ਸਬੰਧ ਨੂੰ ਕਾਇਮ ਰੱਖ ਸਕਦੀ ਹੈ।

ਇਸ ਸੀਟ ਤੋਂ ਪ੍ਰਿਯੰਕਾ ਗਾਂਧੀ ਚੋਣ ਲੜੇਗੀ ਜਾਂ ਕਿਸੇ ਸਥਾਨਕ ਨੇਤਾ ਨੂੰ ਮੈਦਾਨ ’ਚ ਉਤਾਰਿਆ ਜਾਵੇਗਾ, ਇਸ ਬਾਰੇ ਕਿਸੇ ਨੂੰ ਕੋਈ ਯਕੀਨ ਨਹੀਂ ਹੈ। ਰਾਹੁਲ ਗਾਂਧੀ ਨੂੰ 14 ਦਿਨਾਂ ਅੰਦਰ ਦੋ ਸੀਟਾਂ ’ਚੋਂ ਇਕ ਸੀਟ ਛੱਡਣ ਬਾਰੇ ਫੈਸਲਾ ਕਰਨਾ ਹੋਵੇਗਾ।

ਰਾਹੁਲ ਵਲੋਂ ਵਾਇਨਾਡ ਨੂੰ ਛੱਡਣ ਦੇ ਸੰਕੇਤ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਰਾਸ਼ਟਰੀ ਜਨਰਲ ਸਕੱਤਰ ਕੁਨਹਾਲੀਕੁਟੀ ਗਵੇ ਤੋਂ ਮਿਲੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਸੀਟ ਨਹੀਂ ਸਗੋਂ ਰਾਜ ਸਭਾ ਸੀਟ ਲਵੇਗੀ।

ਇੱਥੋਂ ਤੱਕ ਕਿ ਸੂਬਾ ਕਾਂਗਰਸ ਪ੍ਰਧਾਨ ਕੇ. ਸੁਧਾਕਰਨ ਨੇ ਆਪਣੇ ਭਰੋਸੋਯੋਗ ਸਾਥੀਆਂ ਨੂੰ ਇਹ ਵੀ ਦੱਸਿਆ ਕਿ ਤ੍ਰਿਸ਼ੂਰ ’ਚ ਭਾਜਪਾ ਦੇ ਸੁਰੇਸ਼ ਗੋਪੀ ਹੱਥੋਂ ਹਾਰਨ ਵਾਲੇ ਕੇ. ਮੁਰਲੀਧਰਨ ਨੇ ਕਿਹਾ ਕਿ ਉਹ ਪਾਰਟੀ ’ਚ ਕਿਸੇ ਵੀ ਭੂਮਿਕਾ ਲਈ ਸਮਰੱਥ ਹਨ ਤੇ ਉਨ੍ਹਾਂ ਨੂੰ ਵਾਇਨਾਡ ਤੋਂ ਚੋਣ ਮੈਦਾਨ ’ਚ ਉਤਾਰਨ ਵਿਚ ਕੋਈ ਰੁਕਾਵਟ ਨਹੀਂ ਹੈ।


Rakesh

Content Editor

Related News