ਜਨਵਰੀ ’ਚ ਯਾਤਰੀ ਵਾਹਨਾਂ ਦੀ ਬਰਾਮਦ ’ਚ ਮਾਮੂਲੀ ਸੁਧਾਰ
Monday, Feb 15, 2021 - 10:45 AM (IST)
 
            
            ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਪਿਛਲੇ ਮਹੀਨੇ ਯਾਨੀ ਜਨਵਰੀ 2021 ’ਚ ਭਾਰਤ ਤੋਂ ਵਾਹਨਾਂ ਦੀ ਬਰਾਮਦ ਵਧੀ। ਇਸ ਨਾਲ ਭਾਰਤੀ ਵਾਹਨ ਕੰਪਨੀਆਂ ਲਈ ਪ੍ਰਮੁੱਖ ਬਰਾਮਦ ਬਾਜ਼ਾਰਾਂ ’ਚ ਮੰਗ ’ਚ ਸੁਧਾਰ ਦੇ ਸੰਕੇਤ ਮਿਲਦੇ ਹਨ।
ਵਾਹਨ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਦੇ ਅੰਕੜਿਆਂ ਮੁਤਾਬਕ ਜਨਵਰੀ 2020 ਦੇ 36,765 ਵਾਹਨਾਂ ਦੀ ਤੁਲਣਾ ’ਚ ਜਨਵਰੀ 2021 ’ਚ ਯਾਤਰੀ ਵਾਹਨਾਂ ਦੀ ਬਰਾਮਦ 1.15 ਫੀਸਦੀ ਵਧ ਕੇ 37,187 ਇਕਾਈ ਹੋ ਗਈ ਹੈ। ਹਾਲਾਂਕਿ ਅਪ੍ਰੈਲ ਤੋਂ ਜਨਵਰੀ ਦੌਰਾਨ ਯਾਤਰੀ ਵਾਹਨਾਂ ਦੀ ਬਰਾਮਦ ਅਜੇ ਵੀ ਘੱਟ ਹੈ। ਇਸ ਦੌਰਾਨ ਬਰਾਮਦ ਸਾਲ ਭਰ ਪਹਿਲਾਂ ਦੀਆਂ 5,77,036 ਇਕਾਈਆਂ ਦੀ ਤੁਲਣਾ ’ਚ 43.1 ਫੀਸਦੀ ਘੱਟ 3,28,360 ਇਕਾਈ ’ਤੇ ਆ ਗਈ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ,‘‘ਅਪ੍ਰੈਲ ਤੋਂ ਜਨਵਰੀ 2021 ਦੌਰਾਨ ਯਾਤਰੀ ਵਾਹਨਾਂ ਦੀ ਬਰਾਮਦ 43.1 ਫੀਸਦੀ ਘੱਟ ਹੈ। ਹਾਲਾਂਕਿ ਜਨਵਰੀ 2021 ’ਚ ਬਰਾਮਦ ’ਚ 1.15 ਫੀਸਦੀ ਦਾ ਵਾਧਾ ਹੋਇਆ। ਇਸ ਤਰ੍ਹਾਂ ਜਨਵਰੀ 2021 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਅਜਿਹਾ ਪਹਿਲਾ ਮਹੀਨਾ ਹੋ ਗਿਆ, ਜਦੋਂ ਯਾਤਰੀ ਵਾਹਨਾਂ ਦੀ ਬਰਾਮਦ ’ਚ ਵਾਧਾ ਦਰਜ ਕੀਤਾ ਗਿਆ।’’ ਉਨ੍ਹਾਂ ਕਿਹਾ ਕਿ ਬਰਾਮਦ ਬਾਜ਼ਾਰ ’ਚ ਆਰਥਿਕ ਸੁਧਾਰ ਵਾਧੇ ਦੀ ਰਫਤਾਰ ਨੂੰ ਬਣਾਏ ਰੱਖਣ ’ਚ ਮਹੱਤਵਪੂਰਣ ਰਹੇਗਾ। ਜਨਵਰੀ ’ਚ ਮਾਰੂਤੀ ਸੁਜ਼ੂਕੀ ਦੀ ਬਰਾਮਦ 29.92 ਫੀਸਦੀ ਵਧ ਕੇ 12,345 ਇਕਾਈਆਂ ’ਤੇ ਪਹੁੰਚ ਗਈ। ਇਸ ਤੋਂ ਬਾਅਦ ਹੁੰਡਈ ਮੋਟਰ ਇੰਡੀਆ ਦੀ ਬਰਾਮਦ 19 ਫੀਸਦੀ ਡਿੱਗ ਕੇ 8,100 ਇਕਾਈ ਰਹੀ।
ਇਸੇ ਤਰ੍ਹਾਂ ਜਨਵਰੀ ’ਚ ਨਿਸਾਨ ਮੋਟਰ ਇੰਡੀਆ ਨੇ 4,198 ਇਕਾਈਆਂ ਦੀ ਬਰਾਮਦ ਕੀਤੀ। ਇਸ ਤੋਂ ਬਾਅਦ ਕ੍ਰਮਵਾਰ ਕੀਯਾ ਮੋਟਰਸ ਅਤੇ ਫੋਰਡ ਇੰਡੀਆ ਨੇ 3,618 ਅਤੇ 2,983 ਇਕਾਈਆਂ ਦੇ ਨਾਲ ਬਰਾਮਦ ਕੀਤੀ। ਇਸ ਵਿੱਤੀ ਸਾਲ ’ਚ ਅਪ੍ਰੈਲ-ਜਨਵਰੀ ਦੀ ਮਿਆਦ ਦੌਰਾਨ ਹੁੰਡਈ 82,121 ਵਾਹਨਾਂ ਦੀ ਬਰਾਮਦ ਦੇ ਨਾਲ ਪਹਿਲੇ ਸਥਾਨ ’ਤੇ ਰਹੀ। ਹਾਲਾਂਕਿ ਇਹ ਸਾਲ ਭਰ ਪਹਿਲਾਂ ਦੀ ਇਸੇ ਮਿਆਦ ਦੀ ਤੁਲਣਾ ’ਚ 47.01 ਫੀਸਦੀ ਘੱਟ ਹੈ। ਦੂਜੇ ਸਥਾਨ ’ਤੇ 72,166 ਇਕਾਈਆਂ ਦੇ ਨਾਲ ਮਾਰੂਤੀ ਸੁਜ਼ੂਕੀ ਰਹੀ, ਜੋ ਸਾਲ ਭਰ ਪਹਿਲਾਂ ਦੀ ਤੁਲਣਾ ’ਚ 15.55 ਫੀਸਦੀ ਘੱਟ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            