IRCTC ਨੂੰ ਜੂਨ ਤਿਮਾਹੀ ''ਚ 82.5 ਕਰੋੜ ਦਾ ਮੁਨਾਫਾ, ਆਮਦਨ ਇੰਨੀ ਵਧੀ
Thursday, Aug 12, 2021 - 04:53 PM (IST)
ਨਵੀਂ ਦਿੱਲੀ- ਭਾਰਤੀ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਨੀ ਆਈ. ਆਰ. ਸੀ. ਟੀ. ਸੀ. ਨੇ ਵਿੱਤੀ ਸਾਲ 2021-22 ਦੀ ਜੂਨ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਅਪ੍ਰੈਲ-ਜੂਨ ਦੌਰਾਨ ਆਈ. ਆਰ. ਸੀ. ਟੀ. ਸੀ. ਘਾਟੇ ਤੋਂ ਮੁਨਾਫੇ ਵਿਚ ਆ ਗਈ ਹੈ। ਕੰਪਨੀ ਨੇ ਜੂਨ ਤਿਮਾਹੀ ਵਿਚ 82.5 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ, ਜਦੋਂ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ 24.6 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਕੰਪਨੀ ਦੀ ਆਮਦਨ 84.8 ਫ਼ੀਸਦੀ ਵਧੀ ਹੈ। ਵਿੱਤੀ ਸਾਲ 2021-22 ਦੀ ਜੂਨ ਤਿਮਾਹੀ ਵਿਚ ਆਮਦਨ 244 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਇਸ ਦੌਰਾਨ 132 ਕਰੋੜ ਰੁਪਏ ਸੀ।
ਐਕਸਚੇਂਜ ਫਾਈਲਿੰਗ ਅਨੁਸਾਰ, ਆਈ. ਆਰ. ਸੀ. ਟੀ. ਸੀ. ਬੋਰਡ ਨੇ ਸ਼ੇਅਰ ਸਪਲਿਟ ਨੂੰ ਮਨਜ਼ੂਰੀ ਦਿੱਤੀ ਹੈ। ਆਈ. ਆਰ. ਸੀ. ਟੀ. ਸੀ. ਦੇ ਇਕ ਸ਼ੇਅਰ ਨੂੰ 5 ਸ਼ੇਅਰਾਂ ਵਿਚ ਵੰਡਿਆ ਜਾਵੇਗਾ। ਜੇਕਰ 10 ਰੁਪਏ ਦੇ ਫੇਸ ਵੈਲਿਊ ਵਾਲੇ ਸ਼ੇਅਰ ਨੂੰ 5 ਵਿਚ ਵੰਡਿਆ ਜਾਂਦਾ ਹੈ, ਤਾਂ ਇਸ ਦੀ ਫੇਸ ਵੈਲਊ 2 ਰੁਪਏ ਹੋਵੇਗੀ। ਇਹ ਪ੍ਰਸਤਾਵ ਰੇਲ ਮੰਤਰਾਲੇ ਨੂੰ ਭੇਜਿਆ ਗਿਆ ਹੈ। ਕੇਟਰਿੰਗ ਹਿੱਸੇ ਤੋਂ ਹੋਣ ਵਾਲੀ ਆਮਦਨੀ ਵਿਚ 37 ਫ਼ੀਸਦੀ ਦੀ ਗਿਰਾਵਟ ਆਈ ਹੈ। ਸਾਲ-ਦਰ-ਸਾਲ ਦੇ ਆਧਾਰ 'ਤੇ ਕੇਟਰਿੰਗ ਸ਼੍ਰੇਣੀ ਤੋਂ ਮਾਲੀਆ 89 ਕਰੋੜ ਰੁਪਏ ਤੋਂ ਘੱਟ ਕੇ 56 ਕਰੋੜ ਰੁਪਏ ਰਿਹਾ। ਇਸ ਦੇ ਨਾਲ ਹੀ, ਇੰਟਰਨੈੱਟ ਟਿਕਟ ਬੁਕਿੰਗ ਤੋਂ ਆਮਦਨੀ 300 ਫ਼ੀਸਦੀ ਵੱਧ ਕੇ 149 ਕਰੋੜ ਰੁਪਏ ਹੋ ਗਈ।