ਸਟੀਲ ਕੀਮਤਾਂ 'ਤੇ ਲਗਾਮ ਲਈ ਆਈ. ਪੀ. ਐੱਮ. ਏ. ਨੇ ਸਰਕਾਰ ਨੂੰ ਲਿਖੀ ਚਿੱਠੀ
Sunday, May 23, 2021 - 12:33 PM (IST)

ਨਵੀਂ ਦਿੱਲੀ- ਸਰਕਾਰ ਨੂੰ ਸਟੀਲ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਦਖ਼ਲ ਦੇਣਾ ਪੈ ਸਕਦਾ ਹੈ ਕਿਉਂਕਿ ਇਸ ਦੀ ਖ਼ਪਤ ਵਾਲੇ ਉਦਯੋਗ ਪ੍ਰਭਾਵਿਤ ਹੋ ਰਹੇ ਹਨ।
ਇੰਡਸਟਰੀ ਬਾਡੀ ਭਾਰਤੀ ਪਾਇਪ ਨਿਰਮਾਤਾ ਸੰਸਥਾ (ਆਈ. ਪੀ. ਐੱਮ. ਏ.) ਨੇ ਸਰਵਉੱਚ ਪੱਧਰ 'ਤੇ ਪਹੁੰਚ ਚੁੱਕੀਆਂ ਸਟੀਲ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ।
ਸੰਸਥਾ ਨੇ ਕੇਂਦਰੀ ਸਟੀਲ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਲਿਖੇ ਇਕ ਪੱਤਰ ਵਿਚ ਇਸ ਦੀ ਬਰਾਮਦ 'ਤੇ ਅਸਥਾਈ ਪਾਬੰਦੀ ਦੀ ਵੀ ਮੰਗ ਕੀਤੀ ਹੈ, ਤਾਂ ਜੋ ਘਰੇਲੂ ਸਪਲਾਈ ਵੱਧ ਸਕੇ।
20 ਮਈ 2021 ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ, ''ਪਾਈਪ ਨਿਰਮਾਤਾ ਤੇ ਐੱਮ. ਐੱਸ. ਐੱਮ. ਈ. ਘਰੇਲੂ ਬਜ਼ਾਰ ਵਿਚ ਵਧੀਆਂ ਕੀਮਤਾਂ ਅਤੇ ਸਟੀਲ ਦੀ ਘਾਟ ਕਾਰਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।'' ਸੰਸਥਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਪੱਤਰ ਦੀ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ, ਨੀਤੀ ਆਯੋਗ ਦੇ ਸੀ. ਈ. ਓ. ਅਮਿਤਾਭ ਕਾਂਤ, ਵਣਜ ਸਕੱਤਰ ਅਨੂਪ ਵਧਾਵਨ, ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਸਕੱਤਰ ਗੁਰੁਪ੍ਰਸਾਦ ਦੇ ਦਫਤਰਾਂ ਨੂੰ ਮਾਰਕ ਕੀਤੀ ਹੈ। ਆਈ. ਪੀ. ਐੱਮ. ਏ. ਕਿਹਾ ਕਿ ਪਿਛਲੇ 10 ਮਹੀਨਿਆਂ ਵਿਚ ਸਟੀਲ ਦੀਆਂ ਕੀਮਤਾਂ 60 ਫ਼ੀਸਦੀ ਤੋਂ ਵੱਧ ਵਧੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ 4,000 ਰੁਪਏ ਪ੍ਰਤੀ ਟਨ ਹੋਰ ਵਧਣ ਦੀ ਉਮੀਦ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਉਦਯੋਗਾਂ ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ ਜੋ ਪੂਰੀ ਤਰ੍ਹਾਂ ਨਾਲ ਕੱਚੇ ਮਾਲ ਦੀ ਜ਼ਰੂਰਤ ਲਈ ਸਟੀਲ ਮਿੱਲਾਂ 'ਤੇ ਨਿਰਭਰ ਹਨ।