ਨਿਵੇਸ਼ਕਾਂ ਨੂੰ ਰਹੇਗੀ ਦੂਜੀ ਤਿਮਾਹੀ ਦੇ ਅੰਕੜਿਆਂ ਦੀ ਉਡੀਕ
Sunday, Nov 24, 2019 - 01:41 PM (IST)

ਮੁੰਬਈ—ਉਤਾਰ-ਚੜ੍ਹਾਅ ਨਾਲ ਭਰੇ ਬੀਤੇ ਹਫਤੇ ਦੌਰਾਨ ਮਾਮੂਲੀ ਤੇਜ਼ੀ 'ਚ ਰਹਿਣ ਦੇ ਬਾਅਦ ਆਉਣ ਵਾਲੇ ਹਫਤੇ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਅੰਕੜਿਆਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਅਗਲੇ ਹਫਤੇ 29 ਨਵੰਬਰ ਨੂੰ ਚਾਲੂ ਵਿੱਤੀ ਸਾਲ ਦੀ 30 ਸਤੰਬਰ ਨੂੰ ਖਤਮ ਦੂਜੀ ਤਿਮਾਹੀ 'ਚ ਜੀ.ਡੀ.ਪੀ. ਦੇ ਅੰਕੜੇ ਆਉਣੇ ਹਨ।
ਸਰਕਾਰ ਨੇ ਹੁਣ ਤੱਕ ਜੋ ਸੰਕੇਤ ਦਿੱਤੇ ਹਨ ਉਸ ਤੋਂ ਲੱਗਦਾ ਹੈ ਕਿ ਜੀ.ਡੀ.ਪੀ. ਦੇ ਅੰਕੜੇ ਲਗਾਤਾਰ ਦੂਜੀ ਤਿਮਾਹੀ 'ਚ ਕਮਜ਼ੋਰ ਰਹਿ ਸਕਦੇ ਹਨ। ਅਗਲੇ ਸਾਲ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਇਹ ਆਰਥਿਕ ਵਿਕਾਸ ਦਰ ਦਾ ਅੰਤਿਮ ਅੰਕੜਾ ਹੋਵੇਗਾ, ਇਸ ਲਈ ਵੀ ਇਸ ਦਾ ਮਹੱਤਵ ਜ਼ਿਆਦਾ ਹੈ। ਪਹਿਲੀ ਤਿਮਾਹੀ 'ਚ ਜੀ.ਡੀ.ਪੀ. ਵਿਕਾਸ ਦਰ ਘੱਟ ਕੇ ਪੰਜ ਫੀਸਦੀ ਰਹਿ ਗਈ ਸੀ ਜਦੋਂਕਿ ਦੇਸ਼ ਨੂੰ 50 ਖਰਚ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ 12 ਫੀਸਦੀ ਵਿਕਾਸ ਦਰ ਦੀ ਲੋੜ ਹੈ। ਸਰਕਾਰ ਜਿਸ ਤਰ੍ਹਾਂ ਵਿਨਿਵੇਸ਼ 'ਤੇ ਜ਼ੋਰ ਦੇ ਰਹੀ ਹੈ ਅਤੇ ਰੀਅਲ ਅਸਟੇਟ ਸੈਕਟਰ ਅਤੇ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਇਕ ਦੇ ਬਾਅਦ ਇਕ ਕਦਮ ਚੁੱਕ ਰਹੀ ਹੈ ਉਸ ਨਾਲ ਦੂਜੀ ਤਿਮਾਹੀ ਦੇ ਅੰਕੜਿਆਂ ਦੇ ਵੀ ਕਮਜ਼ੋਰ ਰਹਿਣ ਦਾ ਖਦਸ਼ਾ ਹੈ।
ਬੀਤੇ ਹਫਤੇ ਪੰਜ 'ਚੋਂ ਤਿੰਨ ਕਾਰੋਬਾਰੀ ਦਿਨ ਬੀ.ਐੱਸ.ਈ. ਦੇ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਗਿਰਾਵਟ ਦੇਖੀ ਗਈ। ਉਤਾਰ-ਚੜ੍ਹਾਅ ਦੇ ਦੌਰਾਨ ਸੈਂਸੈਕੈਸ 2.72 ਅੰਕ ਦੀ ਬੇਹੱਦ ਮਾਮੂਲੀ ਹਫਤਾਵਾਰ ਵਾਧੇ 'ਚ ਸ਼ੁੱਕਰਵਾਰ ਨੂੰ 40,359.41 ਅੰਕ 'ਤੇ ਬੰਦ ਹੋਇਆ ਹੈ। ਨਿਫਟੀ 18.95 ਅੰਕ ਭਾਵ 0.16 ਫੀਸਦੀ ਚੜ੍ਹ ਕੇ ਹਫਤਾਵਾਰ 'ਤੇ 11,914.40 ਅੰਕ 'ਤੇ ਪਹੁੰਚ ਗਿਆ ਹੈ। ਪਿਛਲੇ ਹਫਤੇ 'ਚ ਮੱਧ ਕੰਪਨੀਆਂ 'ਚ ਨਿਵੇਸ਼ਕ ਬਿਕਵਾਲ ਰਹੇ ਜਦੋਂਕਿ ਛੋਟੀਆਂ ਕੰਪਨੀਆਂ 'ਚ ਉਨ੍ਹਾਂ ਨੇ ਲਿਵਾਲੀ ਕੀਤੀ। ਬੀ.ਐੱਸ.ਈ. ਦਾ ਮਿਡਕੈਪ 34.32 ਅੰਕ ਭਾਵ 0.23 ਫੀਸਦੀ ਟੁੱਟ ਕੇ 14,738.67 ਅੰਕ 'ਤੇ ਆ ਗਿਆ ਹੈ। ਸਮਾਲਕੈਪ 27.38 ਅੰਕ ਭਾਵ 0.21 ਫੀਸਦੀ ਦੀ ਹਫਤਾਵਾਰੀ ਤੇਜ਼ੀ ਦੇ ਨਾਲ 13,353.78 ਅੰਕ 'ਤੇ ਬੰਦ ਹੋਇਆ ਹੈ।