ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ ਦੀ ਰੈਂਕਿੰਗ ਡਿਗੀ, 100 ਤੋਂ ਵੱਧ ਦੇਸ਼ਾਂ ਤੋਂ ਹੈ ਪਿੱਛੇ

Friday, Oct 21, 2022 - 07:01 PM (IST)

ਨਵੀਂ ਦਿੱਲੀ– ਦੇਸ਼ ਭਰ ’ਚ 5ਜੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦਰਮਿਆਨ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ ਦੀ ਰੈਂਕਿੰਗ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਮੋਬਾਇਲ ਇੰਟਰਨੈੱਟ ਹੀ ਨਹੀਂ ਸਗੋਂ ਫਿਕਸਡ ਲਾਈਨ ਬ੍ਰਾਡਬੈਂਡ ਦੀ ਸਪੀਡ ਵੀ ਘੱਟ ਹੋ ਗਈ ਹੈ। ਗਲੋਬਲ ਇੰਟਰਨੈੱਟ ਸਪੀਡ ਟੈਸਟ ਇੰਡੈਕਸ ਓਕਲਾ ਨੇ ਇੰਟਰਨੈੱਟ ਸਪੀਡ ਨੂੰ ਲੈ ਕੇ ਇਹ ਰਿਪੋਰਟ ਜਾਰੀ ਕੀਤੀ ਹੈ।

ਇਸ ਰਿਪੋਰਟ ਮੁਤਾਬਕ ਭਾਰਤ ’ਚ ਬ੍ਰਾਡਬੈਂਡ ਅਤੇ ਮੋਬਾਇਲ ਇੰਟਰਨੈੱਟ ਦੋਵੇਂ ਹੀ ਸਪੀਡ ਦੇ ਮਾਮਲੇ ’ਚ ਭਾਰਤ ਦੀ ਰੈਂਕਿੰਗ ਡਿਗੀ ਹੈ। ਡਾਟਾ ਮੁਤਾਬਕ ਸਤੰਬਰ ਮਹੀਨੇ ’ਚ ਮੋਬਾਇਲ ਅਤੇ ਬ੍ਰਾਡਬੈਂਡ ਦੋਵੇਂ ਹੀ ਸਪੀਡ ਦੇ ਮਾਮਲੇ ’ਚ ਭਾਰਤ ਹੋਰ ਜ਼ਿਆਦਾ ਪੱਛੜ ਗਿਆ ਹੈ। ਇੰਟਰਨੈੱਟ ਸਪੀਡ ਦੇ ਮਾਮਲੇ ’ਚ ਦੇਸ਼ ਅਗਸਤ ਦੇ ਮੁਕਾਬਲੇ ਸਤੰਬਰ ’ਚ ਹੋਰ ਹੇਠਾਂ ਆ ਗਿਆ ਹੈ। ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਭਾਰਤ ਦੁਨੀਆ ’ਚ 117ਵੇਂ ਸਥਾਨ ਤੋਂ ਖਿਸਕ ਕੇ 118ਵੇਂ ਸਥਾਨ ’ਤੇ ਆ ਗਿਆ ਹੈ ਜਦ ਕਿ ਮੋਬਾਇਲ ਇੰਟਰਨੈੱਟ ਸਪੀਡ ਰੈਂਕਿੰਗ ਦੇ ਮਾਮਲੇ ’ਚ ਦੇਸ਼ 78ਵੇਂ ਸਥਾਨ ਤੋਂ ਹਟ ਕੇ 79ਵੇਂ ਰੈਂਕ ’ਤੇ ਪਹੁੰਚ ਗਿਆ ਹੈ।

ਹਾਲਾਂਕਿ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਗਸਤ ਦੇ ਮੁਕਾਬਲੇ ਸਤੰਬਰ ’ਚ ਭਾਰਤ ਦੀ ਔਸਤਨ ਮੋਬਾਇਲ ਡਾਊਨਲੋਡ ਸਪੀਡ ’ਚ ਪਹਿਲਾਂ ਦੇ ਮੁਕਾਬਲੇ ਕਾਫੀ ਸੁਧਾਰ ਹੋਇਆ ਹੈ। ਸਤੰਬਰ ’ਚ ਮੋਬਾਇਲ ਡਾਊਨਲੋਡ ਸਪੀਡ 13.87 ਐੱਮ. ਬੀ. ਪੀ. ਐੱਸ. ਦਰਜ ਕੀਤੀ ਗਈ ਜੋ ਅਗਸਤ ’ਚ 13.52 ਐੱਮ. ਬੀ. ਪੀ. ਐੱਸ. ਰਿਕਾਰਡ ਕੀਤੀ ਗਈ ਸੀ। ਉੱਥੇ ਹੀ ਬ੍ਰਾਡਬੈਂਡ ਇੰਟਰਨੈੱਟ ਸਪੀਡ ਸਤੰਬਰ ’ਚ ਵਧ ਕੇ 48.59 ਐੱਮ. ਬੀ. ਪੀ. ਐੱਸ. ਹੋ ਗਈ ਹੈ ਜੋ ਅਗਸਤ ’ਚ 48.29 ਐੱਮ. ਬੀ. ਪੀ. ਐੱਸ. ਦਰਜ ਕੀਤੀ ਗਈ ਸੀ। ਦੁਨੀਆ ’ਚ ਸਭ ਤੋਂ ਤੇਜ਼ ਮੋਬਾਇਲ ਇੰਟਰਨੈੱਟ ਦਾ ਤਾਜ਼ ਹਾਲੇ ਵੀ ਨਾਰਵੇ ਕੋਲ ਹੈ।

ਚਿਲੀ ’ਚ ਇੰਟਰਨੈੱਟ ਦੀ ਸਪੀਡ ਸਭ ਤੋਂ ਤੇਜ਼
ਓਵਰਆਲ ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਚਿਲੀ ਸਭ ਤੋਂ ਉੱਪਰ ਹੈ। ਦੱਸ ਦਈਏ ਕਿ ਓਕਲਾ ਹਰ ਮਹੀਨੇ ਗਲੋਬਲ ਇੰਟਰਨੈੱਟ ਸਪੀਡ ਦਾ ਡਾਟਾ ਜਾਰੀ ਕਰਦਾ ਹੈ। ਇਸ ਡਾਟਾ ਨੂੰ ਲੱਖਾਂ ਲੋਕਾਂ ਵਲੋਂ ਕੀਤੇ ਗਏ ਸਪੀਡ ਟੈਸਟ ਦੇ ਆਧਾਰ ’ਤੇ ਜਾਰੀ ਕੀਤਾ ਜਾਂਦਾ ਹੈ। ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ ਹਾਲੇ ਵੀ ਦੂਜੇ ਦੇਸ਼ਾਂ ਤੋਂ ਕਾਫੀ ਪਿੱਛੇ ਹੈ। ਹਾਲ ਹੀ ’ਚ ਦੇਸ਼ ’ਚ 5ਜੀ ਨੈੱਟਵਰਕ ਲਾਂਚ ਹੋਇਆ ਹੈ। ਹਾਲਾਂਕਿ ਇਸ ਦੀ ਪਹੁੰਚ ਹਾਲੇ ਸਿਰਫ 8 ਸ਼ਹਿਰਾਂ ਤੱਕ ਹੈ। ਇਸ ’ਚ ਵੀ ਸਾਰੇ ਯੂਜ਼ਰਸ ਨੂੰ 5ਜੀ ਕਨੈਕਟੀਵਿਟੀ ਨਹੀਂ ਮਿਲ ਰਹੀ ਹੈ। ਇਸ ਸਰਵਿਸ ਦੀ ਸ਼ੁਰੂਆਤ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਦੇਸ਼ ’ਚ ਮੋਬਾਇਲ ਇੰਟਰਨੈੱਟ ਸਪੀਡ ’ਚ ਸੁਧਾਰ ਆਵੇਗਾ।


Rakesh

Content Editor

Related News