ਮਹਿੰਗਾਈ ਦੀ ਮਾਰ! Petrol-Diesel ਤੋਂ ਬਾਅਦ ਹੁਣ CNG-PNG ਦੀਆਂ ਕੀਮਤਾਂ 'ਚ ਹੋਇਆ ਵਾਧਾ

Thursday, Mar 24, 2022 - 03:46 PM (IST)

ਨਵੀਂ ਦਿੱਲੀ - ਪੈਟਰੋਲ-ਡੀਜ਼ਲ ਅਤੇ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਅੱਜ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਘਰੇਲੂ ਪੀਐਨਜੀ ਦੀ ਕੀਮਤ ਵਿੱਚ ਪ੍ਰਤੀ ਐਸਸੀਐਮ 1.00 ਰੁਪਏ ਦਾ ਵਾਧਾ ਕੀਤਾ ਗਿਆ ਹੈ, ਹਾਲਾਂਕਿ ਵਧੀਆਂ ਕੀਮਤਾਂ ਪੂਰੇ ਦੇਸ਼ ਵਿੱਚ ਨਹੀਂ ਸਿਰਫ਼ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਦੋ ਦਿਨ ਲਗਾਤਾਰ 80-80 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਰਸੌਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵੀ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਟੋਲ ਟੈਕਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਲਿਆ ਅਹਿਮ ਫੈਸਲਾ, ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ

ਸੀਐਨਜੀ-ਪੀਐਨਜੀ ਦੀਆਂ ਵਧੀਆਂ ਹਨ ਕੀਮਤਾਂ 

ਪਾਈਪ ਵਾਲੀ ਕੁਦਰਤੀ ਗੈਸ ਯਾਨੀ ਪੀਐਨਜੀ ਅੱਜ ਤੋਂ ਹੋਰ ਮਹਿੰਗੀ ਹੋ ਗਈ ਹੈ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ ਦਿੱਲੀ-NCR ਵਿੱਚ PNG ਦੀਆਂ ਕੀਮਤਾਂ ਵਿੱਚ ਪ੍ਰਤੀ SCM 1 ਰੁਪਏ ਦਾ ਵਾਧਾ ਕੀਤਾ ਹੈ। ਕੀਮਤਾਂ ਵਿੱਚ ਇਹ ਵਾਧਾ 24 ਮਾਰਚ 2022 ਯਾਨੀ ਅੱਜ ਤੋਂ ਲਾਗੂ ਹੈ। ਅਜਿਹੇ 'ਚ ਹੁਣ ਦਿੱਲੀ 'ਚ PNG ਗੈਸ 36.61 ਰੁਪਏ ਤੋਂ ਵਧ ਕੇ 37.61 ਰੁਪਏ ਪ੍ਰਤੀ SCM ਹੋ ਗਈ ਹੈ। ਗੌਤਮ ਬੁੱਧ ਨਗਰ ਵਿੱਚ ਵੀ ਪੀਐਨਜੀ ਗੈਸ ਲਈ ਹੁਣ 35.86 ਰੁਪਏ ਪ੍ਰਤੀ ਐਸਸੀਐਮ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਸੀਐਨਜੀ ਦੀ ਕੀਮਤ ਵਿੱਚ 50 ਪੈਸੇ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਵੀ ਅੱਜ ਸਵੇਰੇ 6 ਵਜੇ ਤੋਂ ਲਾਗੂ ਹੈ। ਦਿੱਲੀ ਵਿਚ ਸੀਐਨਜੀ ਦੀ ਕੀਮਤ ਹੁਣ 59.01 ਰੁਪਏ ਪ੍ਰਤੀ ਕਿਲੋ ਹੋ ਜਾਵੇਗੀ।

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ ਪਰ ਪੈਟਰੋਲੀਅਮ ਕੰਪਨੀਆਂ ਨੇ ਕੁਝ ਦਿਨਾਂ ਤੱਕ ਇੰਤਜ਼ਾਰ ਕੀਤਾ ਸੀ। ਭਾਰਤ ਆਪਣੀ 85 ਫੀਸਦੀ ਪੈਟਰੋਲੀਅਮ ਜ਼ਰੂਰਤਾਂ ਨੂੰ ਦਰਾਮਦ ਰਾਹੀਂ ਪੂਰਾ ਕਰਦਾ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪਿਛਲੇ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ 'ਚ ਕਾਫੀ ਉਛਾਲ ਦੇਖਣ ਨੂੰ ਮਿਲਿਆ ਹੈ। ਕੋਟਕ ਇੰਸਟੀਚਿਊਟ ਇਕੁਇਟੀਜ਼ ਨੇ ਇਕ ਨੋਟ 'ਚ ਕਿਹਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ 100-120 ਡਾਲਰ ਪ੍ਰਤੀ ਬੈਰਲ ਦੇ ਦਾਇਰੇ 'ਚ ਰਹਿੰਦੀਆਂ ਹਨ ਤਾਂ ਪੈਟਰੋਲੀਅਮ ਕੰਪਨੀਆਂ ਨੂੰ ਡੀਜ਼ਲ 'ਚ ਪ੍ਰਤੀ ਲੀਟਰ 13.1-24.9 ਰੁਪਏ ਦਾ ਵਾਧਾ ਕਰਨ ਦੀ ਜ਼ਰੂਰਤ ਹੋਵੇਗੀ ਜਦੋਂਕਿ ਪੈਟਰੋਲ ਦੇ ਮਾਮਲੇ ਵਿਚ ਇਹ ਵਾਧਾ 10.6-22.3 ਰੁਪਏ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ।

ਇਹ ਵੀ ਪੜ੍ਹੋ : ਚੀਨ ਦੀ ਦੋਹਰੀ ਚਾਲ : ਭਾਰਤੀ ਸਰਹੱਦ 'ਤੇ ਗੁਪਤ ਰੂਪ 'ਚ ਵਸਾਏ 624 ਹਾਈਟੈੱਕ 'ਪਿੰਡ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News