ਭਾਰਤੀ ਰੇਲਵੇ ਦੀ ਵੈੱਬਸਾਈਟ ’ਤੇ ਹਮਲਾ, 3 ਕਰੋੜ ਯੂਜ਼ਰਸ ਦਾ ਡਾਟਾ ਲੀਕ

12/29/2022 10:41:13 AM

ਨਵੀਂ ਦਿੱਲੀ–ਏਮਜ਼ ਤੋਂ ਬਾਅਦ ਆਨਲਾਈਨ ਸੰਨ੍ਹਮਾਰੀ ਨੇ ਹੁਣ ਭਾਰਤੀ ਰੇਲਵੇ ਦੀ ਵੈੱਬਸਾਈਟ ’ਤੇ ਹਮਲਾ ਕੀਤਾ ਹੈ। ਭਾਰਤੀ ਰੇਲਵੇ ਕਰੀਬ 3 ਕਰੋੜ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਹੈ। ਫਿਲਹਾਲ ਹੈਕਰ ਦੀ ਪਛਾਣ ਨਹੀਂ ਹੋ ਸਕੀ ਹੈ ਪਰ 27 ਦਸੰਬਰ ਨੂੰ ਪਤਾ ਲੱਗਾ ਹੈ ਕਿ ਇਕ ਹੈਕਰ ਫੋਰਮ ’ਤੇ ਇਨ੍ਹਾਂ ਯੂਜ਼ਰਸ ਦਾ ਡਾਟਾ ਵੇਚਿਆ ਜਾ ਰਿਹਾ ਹੈ। ਡਾਟਾ ਵੇਚਣ ਵਾਲੇ ਨੇ ਸ਼ੈਡੋਹੈਕਰ ਦੇ ਨਾਂ ਨਾਲ ਫੋਰਮ ’ਤੇ ਜਾਣਕਾਰੀਆਂ ਪਾਈਆਂ ਹਨ।
ਇਕ ਖਬਰ ਮੁਤਾਬਕ ਹੈਕਰ ਨੇ ਇਸ ਦਾਅਵੇ ’ਚ ਯੂਜ਼ਰ ਦਾ ਨਾਂ, ਮੋਬਾਇਲ ਨੰਬਰ, ਜੈਂਡਰ, ਪਤਾ, ਸ਼ਹਿਰ, ਭਾਸ਼ਾ ਸਮੇਤ ਕਈ ਨਿੱਜੀ ਜਾਣਕਾਰੀਆਂ ਸ਼ਾਮਲ ਹਨ। ਹੈਕਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ’ਚ ਕਈ ਸਰਕਾਰੀ ਈ-ਮੇਲ ਆਈ. ਡੀ. ਵੀ ਸ਼ਾਮਲ ਹਨ, ਜਿਸ ਨੂੰ ਆਨਲਾਈਨ ਵਿਕਰੀ ਲਈ ਰੱਖਿਆ ਗਿਆ ਹੈ। ਸਕਿਓਰਿਟੀ ਰਿਸਰਚਰ ਹਾਲੇ ਤੱਕ ਡਾਟਾ ਦੀ ਸ਼ੁੱਧਤਾ ਜਾਂ ਇਸ ਨੂੰ ਹਾਸਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਨਹੀਂ ਜੁਟਾ ਸਕੇ ਹਨ। ਭਾਰਤੀ ਰੇਲਵੇ ਵਲੋਂ ਹਾਲੇ ਤੱਕ ਕੋਈ ਆਫਿਸ਼ੀਅਲ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਦਿੱਲੀ ਸਥਿਤ ਏਮਜ਼ ਹਸਪਤਾਲ ਦੀ ਵੈੱਬਸਾਈਟ ਨੂੰ ਹੈਕ ਕਰ ਲਿਆ ਗਿਆ ਸੀ ਅਤੇ ਹੈਕਰਾਂ ਨੇ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਫਿਰੌਤੀ ਵੀ ਮੰਗੀ ਸੀ।
ਯੂਜ਼ਰ ਦੇ ਨਾਲ-ਨਾਲ ਟਿਕਟ ਬੁਕਿੰਗ ਦਾ ਵੀ ਡਾਟਾ ਲੀਕ
ਲੀਕ ਹੋਏ ਡਾਟਾ ’ਚ 2 ਤਰ੍ਹਾਂ ਦੀਆਂ ਜਾਣਕਾਰੀਆਂ ਸ਼ਾਮਲ ਹਨ। ਇਕ ਤਾਂ ਯੂਜ਼ਰ ਦਾ ਡਾਟਾ ਹੈ ਅਤੇ ਦੂਜਾ ਟਿਕਟ ਬੁਕਿੰਗ ਦਾ ਡਾਟਾ। ਯੂਜ਼ਰ ਦੇ ਡਾਟਾ ’ਚ ਨਾਂ, ਈ-ਮੇਲ, ਫੋਨ ਨੰਬਰ, ਸੂਬੇ ਅਤੇ ਭਾਸ਼ਾ ਦਾ ਜ਼ਿਕਰ ਹੈ ਜਦ ਕਿ ਬੁਕਿੰਗ ਡਾਟਾ ’ਚ ਯਾਤਰੀ ਦਾ ਨਾਂ, ਮੋਬਾਇਲ, ਟਰੇਨ ਨੰਬਰ, ਯਾਤਰਾ ਦੀ ਡਿਟੇਲ, ਇਨਵੁਆਇਸ ਪੀ. ਡੀ. ਐੱਫ. ਸਮੇਤ ਕਈ ਜਾਣਕਾਰੀਆਂ ਸ਼ਾਮਲ ਹਨ।
ਹਜ਼ਾਰਾਂ ਰੁਪਏ ’ਚ ਵੇਚ ਰਿਹਾ ਹੈ ਡਾਟਾ
ਸ਼ੈਡੋਹੈਕਰ 400 ਡਾਲਰ (ਕਰੀਬ 35,000 ਰੁਪਏ) ਵਿਚ ਡਾਟਾ ਦੀ ਕਾਪੀ ਵੇਚਣ ਦਾ ਆਫਰ ਦੇ ਰਿਹਾ ਹੈ, ਜਦ ਕਿ ਜੇ ਕੋਈ ਐਕਸਕਲੂਸਿਵ ਅਕਸੈੱਸ ਚਾਹੁੰਦਾ ਹੈ ਤਾਂ ਉਸ ਨੂੰ 1,500 ਡਾਲਰ (ਕਰੀਬ 1.25 ਲੱਖ ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਇੰਨਾ ਹੀ ਨਹੀਂ ਡਾਟਾ ਦੇ ਨਾਲ ਕੁੱਝ ਖਾਸ ਜਾਣਕਾਰੀਆਂ ਸ਼ੇਅਰ ਕਰਨ ਦੇ ਸਬੰਧ ’ਚ ਹੈਕਰ ਨੇ 2,000 ਡਾਲਰ ਯਾਨੀ ਕਰੀਬ 1.160 ਲੱਖ ਰੁਪਏ ਮੰਗੇ ਹਨ।
ਕਮਜ਼ੋਰ ਲਿੰਕ ਵੀ ਦੱਸੇਗਾ ਹੈਕਰ
ਹੈਕਰ ਉਨ੍ਹਾਂ ਕਮਜ਼ੋਰ ਲਿੰਕਸ ਨੂੰ ਵੀ ਉਜਾਗਰ ਕਰਨ ਦਾ ਪ੍ਰਸਤਾਵ ਦੇ ਰਿਹਾ, ਜਿਸ ਦਾ ਇਸਤੇਮਾਲ ਉਹ ਵੈੱਬਸਾਈਟ ’ਤੇ ਕਰਦਾ ਹੈ। ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੈੱਬਸਾਈਟ ਆਈ. ਆਰ. ਸੀ. ਟੀ. ਸੀ. ਦੀ ਟਿਕਟ ਬੁਕਿੰਗ ਵਾਲਾ ਪੋਰਟਲ ਹੈ ਜਾਂ ਇੰਡੀਅਨ ਰੇਲਵੇ ਦੀ ਵੈੱਬਸਾਈਟ ਹੈ। ਫਿਲਹਾਲ ਰੇਲਵੇ ਨੇ 3 ਕਰੋੜ ਯੂਜ਼ਰਸ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋਣ ਦਾ ਜੋਖਮ ਬਣਿਆ ਹੋਇਆ ਹੈ।
ਰੇਲਵੇ ’ਤੇ ਪਹਿਲਾਂ ਵੀ ਹੋ ਚੁੱਕੇ ਹਨ ਸਾਈਬਰ ਹਮਲੇ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤੀ ਰੇਲਵੇ ’ਤੇ ਸਾਈਬਰ ਹਮਲਾ ਹੋਇਆ ਹੈ। ਪਹਿਲਾਂ ਵੀ ਰੇਲਵੇ ਨੂੰ ਡਾਟਾ ਬ੍ਰੀਚ ਵਰਗੀ ਘਟਨਾ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 2020 ’ਚ ਰੇਲਵੇ ਦੇ ਟਿਕਟ ਖਰੀਦਣ ਵਾਲੇ ਕਰੀਬ 90 ਲੱਖ ਗਾਹਕਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋ ਗਈਆਂ ਸਨ, ਜਿਸ ’ਚ ਉਨ੍ਹਾਂ ਦੀ ਆਈ. ਡੀ. ਵੀ ਸ਼ਾਮਲ ਸੀ ਜੋ ਆਨਲਾਈਨ ਪਾਈਆਂ ਗਈਆਂ। ਕੰਪਨੀ ਨੇ ਦੇਖਿਆ ਕਿ ਡਾਰਕ ਵੈੱਬ ’ਤੇ ਸਾਲ 2019 ਤੋਂ ਹੀ ਲੱਖਾਂ ਯੂਜ਼ਰਸ ਦੇ ਡਾਟਾ ਚੋਰੀ ਦਾ ਸਿਲਸਿਲਾ ਚੱਲ ਰਿਹਾ ਸੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News