ਆਪਣੀ ਪੂਰੀ ਤਿਆਰੀ ਤੇ ਤੈਅ ਪ੍ਰੋਗਰਾਮ ਦੇ ਮੁਤਾਬਕ ਯਾਤਰਾ ਕਰਨ ''ਚ ਵਿਸ਼ਵਾਸ ਰੱਖਦੇ ਨੇ ਭਾਰਤੀ ਲੋਕ
Friday, Aug 18, 2023 - 12:33 PM (IST)
ਨਵੀਂ ਦਿੱਲੀ - ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਛੁੱਟੀਆਂ ਹੋਣ 'ਤੇ ਘੁੰਮਣ-ਫਿਰਨ ਦੀ ਯੋਜਨਾ ਬਣਾ ਲੈਂਦੇ ਹਨ। ਲੋਕਾਂ ਨੇ ਛੁੱਟੀਆਂ ਦੌਰਾਨ ਕਿਥੇ ਜਾਣਾ ਹੈ, ਕਿਵੇਂ ਜਾਣਾ ਅਤੇ ਉਸ ਲਈ ਕੀ ਕਰਨਾ ਆਦਿ ਦੀ ਯੋਜਨਾ ਪਹਿਲਾਂ ਹੀ ਕੀਤੀ ਹੁੰਦੀ ਹੈ। ਅੱਜ ਕੱਲ ਲੋਕ ਬਾਹਰ ਜਾਣ ਲਈ ਆਨਲਾਈਨ ਟਰੈਵਲ ਪੋਰਟਲ ਦੀ ਮਦਦ ਲੈਂਦੇ ਹਨ। ਇਹ ਲੋਕਾਂ ਦੀ ਯਾਤਰਾ ਨੂੰ ਆਨੰਦਮਈ ਅਤੇ ਆਸਾਨ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਇਹ ਗੱਲ ਇਕ ਨਵੀਂ ਰਿਪੋਰਟ 'ਚ ਸਾਹਮਣੇ ਆਈ ਹੈ।
ਸੂਤਰਾਂ ਅਨੁਸਾਰ ਭਾਰਤ ਵਿੱਚ ਕਰੀਬ 42 ਫ਼ੀਸਦੀ ਯਾਤਰੀ ਅਜਿਹੇ ਹਨ, ਜਿਹੜੇ ਆਪਣੀ ਯਾਤਰਾ ਦੀਆਂ ਜ਼ਰੂਰਤਾਂ ਲਈ ਡਿਜੀਟਲ ਯਾਤਰਾ ਪੋਰਟਲ 'ਤੇ ਭਰੋਸਾ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਯਾਤਰਾਂ ਦੀ ਬੁਕਿੰਗ ਕਰਨ ਤੋਂ ਪਹਿਲਾਂ ਕਈ ਹੋਰ ਗੱਲਾਂ 'ਤੇ ਵੀ ਵਿਚਾਰ ਚਰਚਾ ਕਰਦੇ ਹਨ ਤਾਂਕਿ ਉਹਨਾਂ ਨੂੰ ਬਾਅਦ ਵਿੱਚ ਸਫ਼ਰ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਭਾਰਤ, ਹਾਂਗਕਾਂਗ, ਵੀਅਤਨਾਮ, ਜਾਪਾਨ, ਆਸਟ੍ਰੇਲੀਆ ਅਤੇ ਸਿੰਗਾਪੁਰ ਸਮੇਤ 11 ਦੇਸ਼ਾਂ ਦੇ 8,000 ਲੋਕਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੀ ਰਾਏ ਜਾਣਨ ਤੋਂ ਬਾਅਦ ਇਕ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ 57 ਫ਼ੀਸਦੀ ਭਾਰਤੀ ਲੋਕ ਪਹਿਲਾਂ ਤੋਂ ਸਾਰੀਆਂ ਤਿਆਰੀਆਂ ਕਰਕੇ ਅਤੇ ਇਕ ਤੈਅ ਪ੍ਰੋਗਰਾਮ ਦੇ ਮੁਤਾਬਕ ਯਾਤਰਾ ਕਰਨ 'ਚ ਵਿਸ਼ਵਾਸ ਰੱਖਦੇ ਹਨ।
ਦੱਸ ਦੇਈਏ ਕਿ ਯਾਤਰਾ 'ਤੇ ਜਾਣ ਤੋਂ ਪਹਿਲਾਂ ਹੀ ਲੋਕ ਭੋਜਨ ਆਦਿ ਦੀਆਂ ਯੋਜਨਾਵਾਂ, ਆਵਾਜਾਈ ਅਤੇ ਰਿਹਾਇਸ਼ ਸਭ ਪਹਿਲਾਂ ਤੋਂ ਹੀ ਬੁੱਕ ਕਰਵਾ ਲੈਂਦੇ ਹਨ। ਇਸ ਦੌਰਾਨ ਜੇਕਰ ਪਿਛਲੇ ਸਾਲ ਦਰਜ ਕੀਤੇ ਗਏ ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਾ ਹੈ ਕਿ ਭਾਰਤ ਦੇ 89 ਫ਼ੀਸਦੀ ਦੇ ਕਰੀਬ ਲੋਕਾਂ ਨੇ ਯਾਤਰਾ ਕੀਤੀ ਹੈ। ਕੋਰੋਨਾ ਮਹਾਂਮਾਰੀ ਹੋਣ ਤੋਂ ਬਾਅਦ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਕੋਰੋਨਾ ਦੇ ਕਹਿਰ ਤੋਂ ਪਰੇਸ਼ਾਨ ਬਹੁਤ ਸਾਰੇ ਲੋਕਾਂ ਨੇ ਬਾਹਰ ਜਾਣਾ ਛੱਡ ਦਿੱਤਾ ਸੀ ਪਰ ਹੁਣ ਸਮਾਂ ਬਦਲਣ ਨਾਲ ਲੋਕ ਫਿਰ ਤੋਂ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ।