ਸੋਨੇ ਦੀਆਂ ਭਾਰੀ ਕੀਮਤਾਂ ਤੋਂ ਪਰੇਸ਼ਾਨ ਗਾਹਕਾਂ ਲਈ ਰਾਹਤ, ਭਾਰਤੀ ਜਿਊਲਰਾਂ ਨੇ ਕੱਢਿਆ ਇਹ ਹੱਲ
Saturday, Apr 20, 2024 - 05:38 PM (IST)
ਨਵੀਂ ਦਿੱਲੀ - ਪਿਛਲੇ ਛੇ ਹਫ਼ਤਿਆਂ ਵਿੱਚ ਭਾਰਤ ਵਿੱਚ ਹੀਰੇ ਦੇ ਗਹਿਣਿਆਂ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਇਸਦੀ ਮੰਗ ਵਿੱਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕੀਮਤਾਂ ਨੂੰ ਘਟਾਉਣ ਅਤੇ ਗਾਹਕਾਂ ਨੂੰ ਖਰੀਦਦਾਰੀ 'ਤੇ ਵਾਪਸ ਲਿਆਉਣ ਲਈ, ਬਹੁਤ ਸਾਰੇ ਸੁਨਿਆਰਿਆਂ ਨੇ ਆਪਣੇ ਗਹਿਣਿਆਂ ਵਿੱਚ ਘੱਟ ਕੈਰਟ ਵਾਲੇ ਗਹਿਣੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ।
18-ਕੈਰੇਟ ਸੋਨੇ ਦੀ ਥਾਂ ਸਟੋਰ ਹੁਣ 14-ਕੈਰੇਟ ਸੋਨੇ ਵਿੱਚ ਹੀਰੇ ਜੜੇ ਗਹਿਣੇ ਪੇਸ਼ ਕਰ ਰਹੇ ਹਨ। ਸਾਦੇ ਸੋਨੇ ਦੇ ਗਹਿਣਿਆਂ ਦੀ ਸ਼੍ਰੇਣੀ ਵਿੱਚ ਵੀ ਅਜਿਹੀ ਹੀ ਤਬਦੀਲੀ ਦਿਖਾਈ ਦੇ ਰਹੀ ਹੈ, ਬਹੁਤ ਸਾਰੇ ਖਪਤਕਾਰ ਹੁਣ 22-ਕੈਰੇਟ ਦੀ ਬਜਾਏ 18-ਕੈਰੇਟ ਦੇ ਗਹਿਣਿਆਂ ਬਾਰੇ ਪੁੱਛਗਿੱਛ ਕਰ ਰਹੇ ਹਨ।
ਪਿਛਲੇ ਇੱਕ ਮਹੀਨੇ ਵਿੱਚ ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 10.6% ਦਾ ਵਾਧਾ ਹੋਇਆ ਹੈ। ਵੀਰਵਾਰ ਨੂੰ ਪ੍ਰਚੂਨ ਬਾਜ਼ਾਰ 'ਚ ਇਹ 73,333 ਪ੍ਰਤੀ 10 ਗ੍ਰਾਮ ਸੀ।
ਮਾਹਰਾਂ ਮੁਤਾਬਕ "ਹੀਰਾ ਬਾਜ਼ਾਰ ਫਰਵਰੀ ਤੱਕ ਉੱਪਰ ਵੱਲ ਨੂੰ ਵਧ ਰਿਹਾ ਸੀ ਪਰ ਜਿਵੇਂ ਹੀ ਪੀਲੀ ਧਾਤੂ ਦੀ ਕੀਮਤ ਵਧਣ ਲੱਗੀ, ਘਰੇਲੂ ਬਾਜ਼ਾਰ ਸੁਸਤੀ ਦੇ ਰੁਝਾਣ 'ਤੇ ਚਲਾ ਗਿਆ, ਨਤੀਜੇ ਵਜੋਂ ਮੰਗ ਵਿੱਚ 15% ਦੀ ਗਿਰਾਵਟ ਆਈ। ਜਨਵਰੀ ਅਤੇ ਫਰਵਰੀ ਦੇ ਮੁਕਾਬਲੇ ਪਿਛਲੇ ਡੇਢ ਮਹੀਨੇ ਵਿਚ ਮੰਗ ਵਿਚ ਭਾਰੀ ਕਮੀ ਆਈ ”।
ਗਾਹਕਾਂ ਨੂੰ ਮੁੜ ਲੁਭਾਉਣ ਲਈ, ਜੌਹਰੀ ਹੁਣ 14-ਕੈਰੇਟ ਦੇ ਹੀਰੇ ਦੇ ਗਹਿਣਿਆਂ ਬਣਾ ਰਹੇ ਹਨ। ਕਈ ਮਸ਼ਹੂਰ ਸਟੋਰ ਮਾਲਕਾਂ ਨੇ 14 ਕੈਰੇਟ ਦੇ ਹੀਰੇ ਦੇ ਗਹਿਣੇ ਰੱਖਣੇ ਸ਼ੁਰੂ ਕਰ ਦਿੱਤੇ ਹਨ।
22 ਕੈਰੇਟ ਸੋਨੇ ਦੇ ਗਹਿਣਿਆਂ ਦੀ ਥਾਂ ਹੁਣ 14 ਕੈਰੇਟ ਦੇ ਗਹਿਣੇ ਜਾਂ 18 ਕੈਰੇਟ ਵਿੱਚ ਸੋਨੇ ਦੇ ਗਹਿਣਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਮਾਹਰਾਂ ਮੁਤਾਬਕ 14-ਕੈਰੇਟ ਸੋਨੇ ਦੇ ਗਹਿਣੇ ਅਤੇ 18-ਕੈਰੇਟ ਸੋਨੇ ਦੇ ਗਹਿਣੇ 22 ਕੈਰੇਟ ਨਾਲੋਂ ਜ਼ਿਆਦਾ ਟਿਕਾਊ ਹੁੰਦੇ ਹਨ ਅਤੇ ਹਰ ਰੋਜ ਦੇ ਪਹਿਨਣ ਲਈ ਵੀ ਸਹੀ ਸਾਬਤ ਹੋ ਸਕਦੇ ਹਨ। ਇਸ ਕਾਰਨ ਸਟੋਰਾਂ 'ਤੇ 14 ਕੈਰੇਟ ਸੋਨੇ ਅਤੇ ਹੀਰੇ ਨਾਲ ਜੜੇ ਗਹਿਣਿਆਂ ਦੀ ਵਸਤੂ ਸੂਚੀ ਮਜ਼ਬੂਤ ਹੋ ਰਹੀ ਹੈ।