ਰੂਸ ਸਮੇਤ ਹੋਰਾਂ ਦੇਸ਼ਾਂ ਤੋਂ ਤੇਲ ਖਰੀਦਦਾ ਰਹੇਗਾ ਭਾਰਤ : ਅਧਿਕਾਰੀ
Saturday, Dec 03, 2022 - 05:45 PM (IST)
ਨਵੀਂ ਦਿੱਲੀ—ਭਾਰਤ ਆਪਣੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੂਸ ਸਮੇਤ ਕਿਸੇ ਵੀ ਦੇਸ਼ ਤੋਂ ਤੇਲ ਖਰੀਦਦਾ ਰਹੇਗਾ। ਇਕ ਸੀਨੀਅਰ ਅਧਿਕਾਰੀ ਨੇ ਰੂਸੀ ਤੇਲ 'ਤੇ ਯੂਰਪੀ ਸੰਘ ਦੀ ਪਾਬੰਦੀ ਲਾਗੂ ਹੋਣ ਤੋਂ ਪਹਿਲਾਂ ਇਹ ਗੱਲ ਕਹੀ। ਯੂਰਪੀਅਨ ਸੰਘ (ਈਯੂ) ਦੀ ਕਾਰਜਕਾਰੀ ਸੰਸਥਾ ਨੇ 27 ਮੈਂਬਰ ਦੇਸ਼ਾਂ ਤੋਂ ਰੂਸੀ ਤੇਲ ਲਈ ਕੀਮਤ ਸੀਮਾ 60 ਡਾਲਰ ਪ੍ਰਤੀ ਬੈਰਲ ਤੈਅ ਕਰਨ ਲਈ ਕਿਹਾ ਹੈ।
ਪੱਛਮੀ ਦੇਸ਼ਾਂ ਦੇ ਇਸ ਕਦਮ ਦਾ ਉਦੇਸ਼ ਸੰਸਾਰਕ ਕੀਮਤਾਂ ਅਤੇ ਸਪਲਾਈ ਨੂੰ ਸਥਿਰ ਬਣਾਏ ਰੱਖਦੇ ਹੋਏ ਰੂਸ ਦੇ ਤੇਲ ਦੇ ਰਾਜਸਵ ਨੂੰ ਘਟ ਕਰਕੇ ਯੂਕ੍ਰੇਨ ਨਾਲ ਯੁੱਧ ਲੜਨ ਦੀ ਉਸ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਨਾ ਹੈ। ਅਧਿਕਾਰੀ ਨੇ ਕਿਹਾ, "ਇਰਾਨ ਅਤੇ ਵੈਨੇਜ਼ੁਏਲਾ ਦੇ ਉਲਟ, ਰੂਸ ਤੋਂ ਤੇਲ ਖਰੀਦਣ 'ਤੇ ਕੋਈ ਪਾਬੰਦੀ ਨਹੀਂ ਹੈ। ਅਜਿਹੇ 'ਚ ਜੋ ਕੋਈ ਵੀ ਸ਼ਿਪਿੰਗ ਟਰਾਂਸਪੋਰਟ, ਬੀਮਾ ਅਤੇ ਵਿੱਤ ਦਾ ਪ੍ਰਬੰਧ ਕਰ ਸਕਦਾ ਹੈ, ਉਹ ਤੇਲ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੂਸ ਸਮੇਤ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੇਲ ਖਰੀਦਣਾ ਜਾਰੀ ਰੱਖਾਂਗੇ, ਕੀਮਤ ਸੀਮਾ ਵਿਵਸਥਾ ਪੰਜ ਦਸੰਬਰ ਤੋਂ ਲਾਗੂ ਹੋਵੇਗੀ। ਇਸ ਦੇ ਤਹਿਤ, ਯੂਰਪ ਤੋਂ ਬਾਹਰ ਰੂਸੀ ਤੇਲ ਦੀ ਆਵਾਜਾਈ ਕਰਨ ਵਾਲੀਆਂ ਕੰਪਨੀਆਂ ਉਦੋਂ ਯੂਰਪੀ ਸੰਘ ਦੀ ਬੀਮਾ ਅਤੇ ਬ੍ਰੋਕਰੇਜ਼ ਸੇਵਾਵਾਂ ਦੀ ਵਰਤੋਂ ਕਰ ਸਕਣਗੀਆਂ, ਜਦੋਂ ਉਹ 60 ਅਮਰੀਕੀ ਡਾਲਰ ਜਾਂ ਉਸ ਤੋਂ ਘੱਟ 'ਚ ਤੇਲ ਵੇਚਣਗੀਆਂ।
ਅਧਿਕਾਰੀ ਨੇ ਕਿਹਾ, "ਅਮਲੀ ਤੌਰ 'ਤੇ ਜੇਕਰ ਮੈਂ ਇਕ ਜਹਾਜ਼ ਭੇਜ ਸਕਦਾ ਹਾਂ, ਬੀਮਾ ਕਵਰ ਕਰ ਸਕਦਾ ਹਾਂ ਅਤੇ ਭੁਗਤਾਨ ਦਾ ਤਰੀਕਾ ਤਿਆਰ ਕਰ ਸਕਦਾ ਹਾਂ ਤਾਂ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਕਲਪ ਖੁੱਲ੍ਹੇ ਹਨ। ਅਧਿਕਾਰੀ ਨੇ ਕਿਹਾ ਕਿ ਕੋਈ ਇਹ ਨਹੀਂ ਕਹਿ ਰਿਹਾ ਕਿ ਰੂਸ ਤੋਂ ਤੇਲ ਨਹੀਂ ਖਰੀਦੋ।ਰੂਸ ਕੋਈ ਵੱਡਾ ਸਪਲਾਈਕਰਤਾ ਨਹੀਂ ਹੈ। ਭਾਰਤ 30 ਦੇਸ਼ਾਂ ਤੋਂ ਸਪਲਾਈ ਪ੍ਰਾਪਤ ਕਰਦਾ ਹੈ। ਸਾਡੇ ਕੋਲ ਤੇਲ ਖਰੀਦਣ ਦੇ ਬਹੁਤ ਸਾਰੇ ਸਰੋਤ ਹਨ। ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਕੋਈ ਖਦਸ਼ਾ ਨਹੀਂ ਹੈ।