G-20 ਦੇਸ਼ਾਂ 'ਚ ਸਭ ਤੋਂ ਖ਼ਰਾਬ ਰਹਿ ਸਕਦੀ ਹੈ ਭਾਰਤ ਦੀ ਜੂਨ ਤਿਮਾਹੀ ਦੀ GDP

Sunday, Aug 30, 2020 - 03:32 PM (IST)

G-20 ਦੇਸ਼ਾਂ 'ਚ ਸਭ ਤੋਂ ਖ਼ਰਾਬ ਰਹਿ ਸਕਦੀ ਹੈ ਭਾਰਤ ਦੀ ਜੂਨ ਤਿਮਾਹੀ ਦੀ GDP

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਤੇ ਤਾਲਾਬੰਦੀ ਕਾਰਨ ਕਾਰੋਬਾਰਾਂ 'ਚ ਸੁਸਤੀ ਅਤੇ ਖਪਤਕਾਰ ਮੰਗ 'ਚ ਭਾਰੀ ਗਿਰਾਵਟ ਕਾਰਨ ਜੂਨ ਤਿਮਾਹੀ 'ਚ ਭਾਰਤੀ ਦੀ ਅਰਥਵਿਵਸਥਾ ਜੀ-20 ਦੇਸ਼ਾਂ 'ਚ ਸਭ ਤੋਂ ਖ਼ਰਾਬ ਰਹਿ ਸਕਦੀ ਹੈ। ਮਾਹਰਾਂ ਨੇ ਇਹ ਚਿੰਤਾ ਜ਼ਾਹਰ ਕੀਤੀ ਹੈ।

ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਸੋਮਵਾਰ ਨੂੰ ਵਿੱਤੀ ਸਾਲ 2020-21 ਦੀ ਅਪ੍ਰੈਲ ਤੋਂ ਜੂਨ ਮਿਆਦ ਦੇ ਜੀ. ਡੀ. ਪੀ. ਅੰਕੜਿਆਂ ਨੂੰ ਜਾਰੀ ਕਰੇਗਾ, ਜੋ ਕਿ ਭਾਰਤ ਵੱਲੋਂ 1996 ਤੋਂ ਤਿਮਾਹੀ ਅੰਕੜੇ ਜਾਰੀ ਹੋਣ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਖ਼ਰਾਬ ਰਹਿਣ ਦਾ ਖ਼ਦਸ਼ਾ ਹੈ।

ਹੁਣ ਤੱਕ ਵਿਸ਼ਵ ਦੀਆਂ ਚੋਟੀਆਂ ਦੀਆਂ 20 ਅਰਥਵਿਵਸਥਾਂ 'ਚੋਂ ਯੂ. ਕੇ. ਦੀ ਜੀ. ਡੀ. ਪੀ. ਨੇ ਜੂਨ ਤਿਮਾਹੀ 'ਚ ਸਭ ਤੋਂ ਵੱਡੀ ਮੰਦੀ ਵੇਖੀ ਹੈ। ਬ੍ਰਿਟੇਨ ਦੀ ਜੂਨ ਤਿਮਾਹੀ ਜੀ. ਡੀ. ਪੀ. 'ਚ ਸਾਲ-ਦਰ-ਸਾਲ ਦੇ ਆਧਾਰ 'ਤੇ 21.7 ਫੀਸਦੀ ਦੀ ਵੱਡੀ ਗਿਰਾਵਟ ਰਹੀ ਹੈ।

ਭਾਰਤ 'ਚ ਰਾਸ਼ਟਰ ਪੱਧਰੀ ਤਾਲਾਬੰਦੀ 25 ਮਾਰਚ ਨੂੰ ਸ਼ੁਰੂ ਹੋਈ ਅਤੇ ਮਈ ਦੇ ਅੰਤ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਪਾਬੰਦੀਆਂ ਨੂੰ ਹੌਲੀ ਹੌਲੀ 1 ਜੂਨ ਤੋਂ ਹਟਾ ਦਿੱਤਾ ਗਿਆ। ਹਾਲਾਂਕਿ, ਅਪ੍ਰੈਲ ਅਤੇ ਮਈ ਮਹੀਨੇ 'ਚ ਜ਼ਿਆਦਾਤਰ ਕਾਰੋਬਾਰਾਂ 'ਚ ਕੰਮਕਾਰ ਠੱਪ ਰਹੇ, ਜੂਨ 'ਚ ਜਾ ਕੇ ਕੁਝ ਮੰਗ ਸੁਧਰੀ ਪਰ ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੀ ਰਹੀ। ਐੱਚ. ਡੀ. ਐੱਫ. ਸੀ. ਬੈਂਕ ਦੇ ਮੁੱਖ ਅਰਥ ਸ਼ਾਸਤਰੀ ਅਭੀਕ ਬਰੂਆ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਰਚ ਤਿਮਾਹੀ 'ਚ ਰਹੀ 3.1 ਫੀਸਦੀ ਦੀ ਵਾਧਾ ਦਰ ਦੇ ਮੁਕਾਬਲੇ ਜੂਨ ਤਿਮਾਹੀ 'ਚ ਜੀ. ਡੀ. ਪੀ. ਵਿਕਾਸ ਦਰ 21 ਫੀਸਦੀ ਹੇਠਾਂ ਆ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ 'ਚ ਸਿਰਫ ਖੇਤੀਬਾੜੀ ਖੇਤਰ ਤੋਂ ਚੰਗਾ ਯੋਗਦਾਨ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ, ਭਾਰਤੀ ਸਟੇਟ ਬੈਂਕ ਵੱਲੋਂ ਪਿਛਲੇ ਹਫ਼ਤੇ ਜਾਰੀ ਇਕ ਰਿਪੋਰਟ ਦਾ ਮੰਨਣਾ ਹੈ ਕਿ ਉਮੀਦਾਂ ਤੋਂ ਬਿਹਤਰ ਕਾਰਪੋਰੇਟ ਨਤੀਜੇ ਰਹਿਣ ਨਾਲ ਜੂਨ ਤਿਮਾਹੀ ਦੀ ਜੀ. ਡੀ. ਪੀ. ਬਾਜ਼ਾਰ ਨੂੰ ਸਕਾਰਾਤਮਕ ਰੂਪ 'ਚ ਹੈਰਾਨ ਕਰ ਸਕਦੀ ਹੈ।


author

Sanjeev

Content Editor

Related News