Covid-19 : ਭਾਰਤ ਦੀ ਇਸ ਦਵਾਈ ਪਿੱਛੇ ਪੈ ਗਿਆ USA, ਬਰਾਮਦ 'ਤੇ ਹਟੇਗੀ ਪਾਬੰਦੀ

04/06/2020 10:07:09 PM

ਨਵੀਂ ਦਿੱਲੀ : ਭਾਰਤ ਹਾਈਡ੍ਰੋਕਸੀਕਲੋਰੋਕਿਨ ਦੀ ਬਰਾਮਦ 'ਤੇ ਲੱਗੀ ਰੋਕ ਹਟਾ ਸਕਦਾ ਹੈ। ਸ਼ਨੀਵਾਰ ਨੂੰ ਯੂ. ਐੱਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਕੋਰੋਨਾ ਦਾ ਮੁਕਾਬਲਾ ਕਰਨ ਵਿਚ ਉਨ੍ਹਾਂ ਦੀ ਮਦਦ ਲਈ ਕਿਹਾ ਸੀ। ਇਹ ਮਲੇਰੀਆ ਦੀ ਇਕ ਦਵਾਈ ਹੈ, ਹਾਲ ਦੀ ਘੜੀ ਇਸ ਦਾ ਇਸਤੇਮਾਲ ਕੋਰੋਨਾ ਨਾਲ ਜੰਗ ਲੜਨ ਲਈ ਹੋ ਰਿਹਾ ਹੈ।

ਸੂਤਰਾਂ ਮੁਤਾਬਕ, ਸਰਕਾਰ ਨੇ ਇਸ ਦੇ ਸਟਾਕ ਦੀ ਗਣਨਾ ਕਰ ਲਈ ਹੈ ਅਤੇ ਕੱਲ ਇਸ ਬਾਰੇ ਫੈਸਲਾ ਲੈ ਸਕਦੀ ਹੈ। ਪਿਛਲੇ ਮਹੀਨੇ ਭਾਰਤ ਨੇ ਹਾਈਡ੍ਰੋਕਸੀਕਲੋਰੋਕਿਨ ਅਤੇ ਇਸ ਦਵਾਈ ਦੇ ਫਾਰਮੂਲੇਸ਼ਨ ਦੀ ਬਰਾਮਦ 'ਤੇ ਪਾਬੰਦੀ ਲਗਾਈ ਸੀ ਕਿਉਂਕਿ ਮਾਹਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿਚ ਇਸ ਦੀ ਸਫਲਤਾ ਦੀ ਜਾਂਚ ਕਰ ਰਹੇ ਹਨ। ਇਸ ਸਮੇਂ ਕੋਵਿਡ-19 ਦੇ ਇਲਾਜ ਜਾਂ ਇਸ ਦੀ ਰੋਕਥਾਮ ਲਈ ਕੋਈ ਟੀਕਾ ਨਹੀਂ ਹੈ। ਵਿਸ਼ਵ ਪੱਧਰ 'ਤੇ ਬਣ ਰਹੇ ਦਬਾਅ ਵਿਚਕਾਰ ਸਰਕਾਰ ਨੂੰ ਇਸ ਦੀ ਬਰਾਮਦ ਵਿਚ ਢਿੱਲ ਦੇਣੀ ਪੈ ਰਹੀ ਹੈ। ਭਾਰਤ ਇਸ ਦਾ ਵੱਡਾ ਨਿਰਮਾਤਾ ਹੈ।

ਸੂਤਰਾਂ ਮੁਤਾਬਕ, ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਦੇਸ਼ ਵਿਚ ਘਰੇਲੂ ਜ਼ਰੂਰਤ ਤੋਂ ਇਲਾਵਾ 25 ਫੀਸਦੀ ਵਾਧੂ ਬਫਰ ਸਟਾਕ ਹੈ। ਇਸ ਲਈ ਸਰਕਾਰ ਮਿੱਤਰ ਰਾਸ਼ਟਰਾਂ ਨੂੰ ਇਸ ਦੀ ਬਰਾਮਦ ਲਈ ਮਨਜ਼ੂਰੀ ਦੇਣ ਦਾ ਵਿਚਾਰ ਕਰ ਰਹੀ ਹੈ। ਅਮਰੀਕਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ ਅਤੇ ਬ੍ਰਾਜ਼ੀਲ ਤੇ ਸਪੇਨ ਵਰਗੇ ਲਗਭਗ 6-7 ਹੋਰ ਦੇਸ਼ਾਂ ਨੇ ਇਸ ਦੀ ਖਰੀਦ ਲਈ ਬੇਨਤੀ ਕੀਤੀ ਹੈ। ਵਿਦੇਸ਼ ਮੰਤਰਾਲਾ ਇਸ ਬਾਰੇ ਫੈਸਲਾ ਕਰੇਗਾ ਕਿ ਕਿਸ ਦੇਸ਼ ਨੂੰ ਤਰਜੀਹ ਦਿੱਤੀ ਜਾਵੇ।


Sanjeev

Content Editor

Related News