ਇਸਪਾਤ ਉਤਪਾਦਨ ''ਚ ਜਾਪਾਨ ਨੂੰ ਪਛਾੜ ਕੇ ਭਾਰਤ ਦੂਜੇ ਸਥਾਨ ''ਤੇ

Monday, Jan 28, 2019 - 07:21 PM (IST)

ਇਸਪਾਤ ਉਤਪਾਦਨ ''ਚ ਜਾਪਾਨ ਨੂੰ ਪਛਾੜ ਕੇ ਭਾਰਤ ਦੂਜੇ ਸਥਾਨ ''ਤੇ

ਨਵੀਂ ਦਿੱਲੀ—  ਜਾਪਾਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਇਸਪਾਤ ਉਤਪਾਦਕ ਦੇਸ਼ ਬਣ ਗਿਆ ਹੈ। ਵਿਸ਼ਵ ਇਸਪਾਤ ਸੰਘ (ਡਬਲਯੂ. ਐੱਸ. ਏ.) ਅਨੁਸਾਰ ਇਸਪਾਤ ਉਤਪਾਦਨ 'ਚ ਚੀਨ ਪਹਿਲੇ ਸਥਾਨ 'ਤੇ ਹੈ। ਕੁਲ ਕੌਮਾਂਤਰੀ ਇਸਪਾਤ ਉਤਪਾਦਨ 'ਚ ਚੀਨ ਦੀ ਹਿੱਸੇਦਾਰੀ 51 ਫੀਸਦੀ ਹੈ।
ਡਬਲਯੂ.ਐੱਸ.ਏ. ਦੀ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2018 'ਚ ਚੀਨ ਦਾ ਕੱਚੇ ਇਸਪਾਤ ਦਾ ਉਤਪਾਦਨ 6.6 ਫੀਸਦੀ ਵਧ ਕੇ 92.83 ਕਰੋੜ ਟਨ 'ਤੇ ਪਹੁੰਚ ਗਿਆ। 2017 'ਚ ਇਹ 87.09 ਕਰੋੜ ਟਨ ਸੀ। ਕੌਮਾਂਤਰੀ ਇਸਪਾਤ ਉਤਪਾਦਨ 'ਚ ਚੀਨ ਦੀ ਹਿੱਸੇਦਾਰੀ 50.3 ਤੋਂ ਵਧ ਕੇ 51.3 ਫੀਸਦੀ ਹੋ ਗਈ। ਰਿਪੋਰਟ ਅਨੁਸਾਰ ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ 2018 'ਚ 4.9 ਫੀਸਦੀ ਵਧ ਕੇ 10.65 ਕਰੋੜ ਟਨ ਰਿਹਾ, ਜੋ 2017 'ਚ 10.15 ਕਰੋੜ ਟਨ ਸੀ। ਜਾਪਾਨ ਦਾ ਉਤਪਾਦਨ ਇਸ ਦੌਰਾਨ 0.3 ਫੀਸਦੀ ਘਟ ਕੇ 10.43 ਕਰੋੜ ਟਨ ਰਹਿ ਗਿਆ। ਇਸ ਤਰ੍ਹਾਂ ਭਾਰਤ ਨੇ ਇਸਪਾਤ ਉਤਪਾਦਨ 'ਚ ਜਾਪਾਨ ਨੂੰ ਪਿੱਛੇ ਛੱਡ ਦਿੱਤਾ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ 2018 'ਚ ਕੌਮਾਂਤਰੀ ਇਸਪਾਤ ਉਤਪਾਦਨ 4.6 ਫੀਸਦੀ ਵਧ ਕੇ 180.86 ਕਰੋੜ ਟਨ ਰਿਹਾ, ਜੋ 2017 'ਚ 172.98 ਕਰੋੜ ਟਨ ਸੀ। ਚੋਟੀ ਦੇ 10 ਇਸਪਾਤ ਉਤਪਾਦਕ ਦੇਸ਼ਾਂ 'ਚ ਅਮਰੀਕਾ 8.67 ਕਰੋੜ ਟਨ ਦੇ ਉਤਪਾਦਨ ਨਾਲ ਚੌਥੇ ਸਥਾਨ 'ਤੇ ਹੈ। ਉਸ ਦੇ ਬਾਅਦ ਦੱਖਣ ਕੋਰੀਆ (7.25 ਕਰੋੜ ਟਨ ਦੇ ਨਾਲ 5ਵੇਂ), ਰੂਸ (7.17 ਕਰੋੜ ਟਨ ਦੇ ਨਾਲ 6ਵੇਂ), ਜਰਮਨੀ (4.24 ਕਰੋੜ ਟਨ ਦੇ ਨਾਲ 7ਵੇਂ), ਤੁਰਕੀ (3.73 ਕਰੋੜ ਟਨ ਦੇ ਨਾਲ 8ਵੇਂ), ਬ੍ਰਾਜ਼ੀਲ (3.47 ਕਰੋੜ ਟਨ ਦੇ ਨਾਲ 9ਵੇਂ) ਤੇ ਈਰਾਨ (2.5 ਕਰੋੜ ਟਨ ਦੇ ਨਾਲ 10ਵੇਂ) ਦਾ ਨੰਬਰ ਆਉਂਦਾ ਹੈ। ਹੋਰ ਦੇਸ਼ਾਂ 'ਚ ਇਟਲੀ ਨੇ ਬੀਤੇ ਸਾਲ 2.45 ਕਰੋੜ ਟਨ ਦਾ ਇਸਪਾਤ ਉਤਪਾਦਨ ਕੀਤਾ। ਫਰਾਂਸ ਨੇ 1.54 ਕਰੋੜ ਟਨ ਤੇ ਸਪੇਨ ਨੇ 1.43 ਕਰੋੜ ਟਨ ਦਾ ਉਤਪਾਦਨ ਕੀਤਾ।


Related News