ਡਿਸਕਾਊਂਟ ਘੱਟ ਹੋਣ ਦੇ ਬਾਵਜੂਦ ਰੂਸ ਤੋਂ ਖੂਬ ਤੇਲ ਖਰੀਦ ਰਿਹਾ ਭਾਰਤ

Wednesday, Feb 26, 2025 - 10:42 AM (IST)

ਡਿਸਕਾਊਂਟ ਘੱਟ ਹੋਣ ਦੇ ਬਾਵਜੂਦ ਰੂਸ ਤੋਂ ਖੂਬ ਤੇਲ ਖਰੀਦ ਰਿਹਾ ਭਾਰਤ

ਨਵੀਂ ਦਿੱਲੀ (ਭਾਸ਼ਾ) – ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਪਤਕਾਰ ਅਤੇ ਦਰਾਮਦਕਾਰ ਭਾਰਤ ਨੇ ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਤੀਜੇ ਸਾਲ ’ਚ ਰੂਸ ਤੋਂ 49 ਅਰਬ ਯੂਰੋ ਮੁੱਲ ਦਾ ਕੱਚਾ ਤੇਲ ਖਰੀਦਿਆ ਹੈ। ਗਲੋਬਲ ਖੋਜ ਸੰਸਥਾਨ ਨੇ ਇਹ ਜਾਣਕਾਰੀ ਦਿੱਤੀ।

ਭਾਰਤ ਰਵਾਇਤੀ ਤੌਰ ’ਤੇ ਪੱਛਮੀ ਏਸ਼ੀਆ ਤੋਂ ਆਪਣਾ ਤੇਲ ਖਰੀਦਦਾ ਰਿਹਾ ਹੈ। ਹਾਲਾਂਕਿ ਉਸ ਨੇ ਫਰਵਰੀ 2022 ’ਚ ਯੂਕ੍ਰੇਨ ’ਤੇ ਹਮਲੇ ਦੇ ਤੁਰੰਤ ਬਾਅਦ ਰੂਸ ਤੋਂ ਵੱਡੀ ਮਾਤਰਾ ’ਚ ਤੇਲ ਦਰਾਮਦ (ਇੰਪੋਰਟ) ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੱਛਮੀ ਪਾਬੰਦੀਆਂ ਅਤੇ ਕੁਝ ਯੂਰਪੀ ਦੇਸ਼ਾਂ ਵੱਲੋਂ ਖਰੀਦ ਤੋਂ ਪਰਹੇਜ਼ ਦੇ ਕਾਰਨ ਰੂਸੀ ਤੇਲ ਹੋਰ ਕੌਮਾਂਤਰੀ ਬੈਂਚਮਾਰਕ ਦੇ ਮੁਕਾਬਲੇ ਕਾਫੀ ਡਿਸਕਾਊਂਟ ’ਤੇ ਮੁਹੱਈਆ ਸੀ। ਇਸ ਦੇ ਨਤੀਜੇ ਵਜੋਂ ਭਾਰਤ ਵੱਲੋਂ ਰੂਸੀ ਤੇਲ ਦੀ ਦਰਾਮਦ ’ਚ ਵਾਧਾ ਕੀਤਾ ਗਿਆ, ਜੋ ਕੁੱਲ ਕੱਚੇ ਤੇਲ ਦੀ ਦਰਾਮਦ ਦੇ ਇਕ ਫੀਸਦੀ ਤੋਂ ਵਧ ਕੇ ਥੋੜ੍ਹੇ ਸਮੇਂ ’ਚ ਹੀ 40 ਫੀਸਦੀ ਤੱਕ ਪਹੁੰਚ ਗਈ।

ਊਰਜਾ ਅਤੇ ਸਵੱਛ ਹਵਾ ਖੋਜ ਕੇਂਦਰ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ,‘ਹਮਲੇ ਦੇ ਤੀਜੇ ਸਾਲ ’ਚ ਨਵੇਂ ਬਾਜ਼ਾਰਾਂ ’ਤੇ ਰੂਸ ਦੀ ਪਕੜ ਮਜ਼ਬੂਤ ਹੋਈ ਹੈ। 3 ਸਭ ਤੋਂ ਵੱਡੇ ਖਰੀਦਦਾਰ ਚੀਨ (78 ਅਰਬ ਯੂਰੋ), ਭਾਰਤ (49 ਅਰਬ ਯੂਰੋ) ਅਤੇ ਤੁਰਕੀਏ (34 ਅਰਬ ਯੂਰੋ) ਰਹੇ। ਹਮਲੇ ਦੇ ਤੀਜੇ ਸਾਲ ’ਚ ਜੀਵਾਸ਼ਮ ਈਂਧਨ ਨਾਲ ਰੂਸ ਦੇ ਕੁੱਲ ਮਾਲੀਏ ’ਚ ਇਨ੍ਹਾਂ ਦੀ ਹਿੱਸੇਦਾਰੀ 74 ਫੀਸਦੀ ਰਹੀ।’ ਇਸ ’ਚ ਕਿਹਾ ਗਿਆ ਕਿ ਭਾਰਤ ਦੇ ਦਰਾਮਦ ਮੁੱਲ ’ਚ ਸਾਲਾਨਾ ਆਧਾਰ ’ਤੇ 8 ਫੀਸਦੀ ਦਾ ਵਾਧਾ ਦੇਖਿਆ ਗਿਆ।

ਕਿੰਨਾ ਮਿਲ ਰਿਹਾ ਹੈ ਡਿਸਕਾਊਂਟ

ਹਮਲੇ ਦੇ ਤੀਜੇ ਸਾਲ ’ਚ ਰੂਸ ਦੀ ਕੁੱਲ ਗਲੋਬਲ ਜੀਵਾਸ਼ਮ ਈਂਧਨ ਆਮਦਨ 242 ਅਰਬ ਯੂਰੋ ਤੱਕ ਪਹੁੰਚ ਗਈ ਅਤੇ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਇਹ ਕੁੱਲ 847 ਅਰਬ ਯੂਰੋ ਹੋ ਗਈ ਹੈ। ਭਾਰਤ ਦੀਆਂ ਕੁਝ ਰਿਫਾਈਨਰੀਆਂ ਨੇ ਰੂਸੀ ਕੱਚੇ ਤੇਲ ਨੂੰ ਪੈਟ੍ਰੋਲ ਅਤੇ ਡੀਜ਼ਲ ਵਰਗੇ ਈਂਧਨ ’ਚ ਤਬਦੀਲ ਕਰ ਦਿੱਤਾ, ਜਿਸ ਨੂੰ ਯੂਰਪ ਅਤੇ ਹੋਰ ਜੀ-7 ਦੇਸ਼ਾਂ ਨੂੰ ਬਰਾਮਦ ਕੀਤਾ ਗਿਆ। ਰੂਸੀ ਤੇਲ ’ਤੇ ਕੀਮਤ ’ਚ ਛੋਟ (ਜੋ ਕਦੇ-ਕਦੇ ਹੋਰ ਤੇਲਾਂ ਦੇ ਬਾਜ਼ਾਰ ਮੁੱਲ ਨਾਲੋਂ 18-20 ਡਾਲਰ ਪ੍ਰਤੀ ਬੈਰਲ ਘੱਟ ਹੁੰਦੀ ਹੈ) ਨੇ ਭਾਰਤ ਨੂੰ ਬਹੁਤ ਸਸਤੀ ਦਰ ’ਤੇ ਤੇਲ ਖਰੀਦਣ ਦਾ ਮੌਕਾ ਦਿੱਤਾ। ਹਾਲਾਂਕਿ ਹਾਲ ਦੇ ਦਿਨਾਂ ’ਚ ਛੋਟ ਘਟ ਕੇ 3 ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਰਹਿ ਗਈ ਹੈ।


author

Harinder Kaur

Content Editor

Related News