ਭਾਰਤ ਦਵਾਈਆਂ, ਵੈਂਟੀਲੇਟਰ, ਮਾਸਕ ''ਤੇ ਚਾਰਜ ਕਰ ਰਿਹੈ ਹਾਈ ਡਿਊਟੀ : WTO

04/05/2020 12:43:33 AM

ਨਵੀਂ ਦਿੱਲੀ : ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਦਵਾਈਆਂ, ਵੈਂਟੀਲੇਟਰ, ਆਕਸੀਜਨ ਮਾਸਕ ਸਮੇਤ ਵੱਖ-ਵੱਖ ਡਾਕਟਰੀ ਸਮਾਨਾਂ ਦੀ ਦਰਾਮਦ 'ਤੇ ਸਭ ਤੋਂ ਉੱਚੀ ਡਿਊਟੀ ਵਸੂਲਦਾ ਹੈ। 

 

ਡਬਲਿਊ. ਟੀ. ਓ. ਨੇ ਵਿਸ਼ਵ ਵਿਚ COVID-19 ਮੈਡੀਕਲ ਪ੍ਰਾਡਕਟਸ ਦੇ ਵਪਾਰ ਬਾਰੇ ਇਕ ਰਿਪੋਰਟ ਵਿਚ ਕਿਹਾ ਕਿ ਭਾਰਤ ਜਿੱਥੇ ਵੈਂਟੀਲੇਟਰਾਂ 'ਤੇ 10 ਫੀਸਦੀ ਇੰਪੋਰਟ ਡਿਊਟੀ ਚਾਰਜ ਕਰ ਰਿਹਾ ਹੈ, ਉੱਥੇ ਹੀ ਚੀਨ ਨੇ ਇਹ 4 ਫੀਸਦੀ ਰੱਖੀ ਹੋਈ ਹੈ। ਇਹ ਰਿਪੋਰਟ ਉਸ ਸਮੇਂ ਆਈ ਹੈ ਜਦੋਂ ਭਾਰਤ ਨੇ ਇਸ ਦੀ ਘਾਟ ਨੂੰ ਪੂਰਾ ਕਰਨ ਲਈ 10,000 ਵੈਂਟੀਲੇਟਰ ਖਰੀਦਣ ਲਈ ਟੈਂਡਰ ਜਾਰੀ ਕੀਤੇ ਹਨ। ਰਿਪੋਰਟ ਮੁਤਾਬਕ ਯੂਰਪੀ ਸੰਘ, ਅਮਰੀਕਾ, ਦੱਖਣੀ ਕੋਰੀਆ ਤੇ ਸਵਿਟਜ਼ਰਲੈਂਡ ਸਮੇਤ 67 ਮੁਲਕਾਂ ਨੇ ਵੈਂਟੀਲੇਟਰ ਨੂੰ ਡਿਊਟੀ ਮੁਕਤ ਕੀਤਾ ਹੈ।
ਇਸੇ ਤਰ੍ਹਾਂ ਕਈ ਮੁਲਕਾਂ ਨੇ ਕੋਵਿਡ-19 ਨਾਲ ਸੰਬੰਧਤ ਮੈਡੀਕਲ ਪ੍ਰਾਡਕਟਸ ਲਈ ਡਿਊਟੀ ਨੂੰ ਲਗਭਗ 4.8 ਫੀਸਦੀ ਕੀਤਾ ਹੈ, ਜਦੋਂ ਕਿ ਭਾਰਤ ਵਿਚ 11.6 ਫੀਸਦੀ ਡਿਊਟੀ ਚਾਰਜ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਈ ਮੈਂਬਰ ਦੇਸ਼ਾਂ ਵਿਚ ਦਵਾਈਆਂ 'ਤੇ ਔਸਤ 2.1 ਫੀਸਦੀ ਅਤੇ ਨਿੱਜੀ ਪ੍ਰੋਟੈਕਟਿਵ ਪ੍ਰਾਡਕਟਸ 'ਤੇ 11.5 ਫੀਸਦੀ ਡਿਊਟੀ ਹੈ, ਜਦੋਂ ਕਿ ਭਾਰਤ ਵਿਚ ਇਹ ਕ੍ਰਮਵਾਰ 10 ਫੀਸਦੀ ਅਤੇ 12 ਫੀਸਦੀ ਹੈ।

ਜ਼ਿਕਰਯੋਗ ਹੈ ਕਿ ਖਬਰਾਂ ਇਹ ਵੀ ਹਨ ਕਿ ਕੋਰੋਨਾ ਵਾਇਰਸ ਕਾਰਨ ਸੰਕਟ ਦੀ ਘੜੀ ਵਿਚ ਸਰਕਾਰ ਵੈਂਟੀਲੇਟਰਾਂ ਅਤੇ ਮਾਸਕ 'ਤੇ ਇੰਪੋਰਟ ਡਿਊਟੀ ਖਤਮ ਕਰ ਸਕਦੀ ਹੈ। ਇਨ੍ਹਾਂ 'ਤੇ ਇੰਟੀਗਰੇਟਡ ਗੁਡਜ਼ ਤੇ ਸਰਵਿਸਿਜ਼ ਟੈਕਸ (ਆਈ. ਜੀ. ਐੱਸ. ਟੀ.) ਨੂੰ ਵੀ ਹਟਾਇਆ ਜਾ ਸਕਦਾ ਹੈ। ਰੈਵੇਨਿਊ ਵਿਭਾਗ ਵਲੋਂ ਲਗਭਗ 15 ਪ੍ਰਾਡਕਟਸ ਕੈਟਾਗਿਰੀਜ਼ 'ਤੇ ਇੰਪੋਰਟ ਡਿਊਟੀ ਅਤੇ ਆਈ. ਜੀ. ਐੱਸ. ਟੀ. ਨੂੰ ਖਤਮ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੈਡੀਕਲ ਸਟਾਫ ਲਈ ਜ਼ਰੂਰੀ ਡਾਕਟਰੀ ਉਪਕਰਣ ਅਤੇ ਮਾਸਕ ਬਣਾਉਣ ਲਈ ਵਰਤੇ ਜਾਂਦੇ ਕੁਝ ਕੱਚੇ ਮਾਲ, ਕੱਪੜੇ ਅਤੇ ਹੋਰ ਕਈ ਸਮਾਨ ਵੀ ਇਸ ਲਿਸਟ ਵਿਚ ਹਨ।


 


Sanjeev

Content Editor

Related News