ਜੰਗ ਦੇ ਸੇਕ ਨਾਲ ਉਬਲਦਾ ਰਹੇਗਾ ਖਾਣ ਵਾਲਾ ਤੇਲ, ਭਾਰਤ ਨੇ ਰੂਸ ਤੋਂ ਰਿਕਾਰਡ ਭਾਅ ’ਤੇ ਖਰੀਦਿਆ ਸੂਰਜਮੁਖੀ ਤੇਲ
Wednesday, Mar 30, 2022 - 12:48 PM (IST)
ਨਵੀਂ ਦਿੱਲੀ- ਰੂਸ-ਯੂਕ੍ਰੇਨ ਜੰਗ ਦੀ ਵਜ੍ਹਾ ਨਾਲ ਖਾਣ ਵਾਲੇ ਤੇਲ ਉਬਲਣ ਨੂੰ ਮਜਬੂਰ ਹੈ। ਤੇਲ ਦੀ ਘਾਟ ਨਾਲ ਜੂਝ ਰਹੇ ਭਾਰਤ ਨੇ ਰੂਸ ਤੋਂ ਸੂਰਜਮੁਖੀ ਤੇਲ ਦਰਾਮਦ ਕਰਨ ਦਾ ਵੱਡਾ ਸੌਦਾ ਕੀਤਾ ਹੈ। 45,000 ਟਨ ਸੂਰਜਮੁਖੀ ਤੇਲ ਦਾ ਇਹ ਸੌਦਾ ਕਾਫ਼ੀ ਉੱਚੇ ਭਾਅ ’ਤੇ ਕੀਤਾ ਗਿਆ ਹੈ। ਇਹ ਹੁਣ ਤੱਕ ਰਿਕਾਰਡ ਭਾਅ ਹੈ। ਇਸ ਦੀ ਡਿਲਿਵਰੀ ਅਗਲੇ ਮਹੀਨੇ ਯਾਨੀ ਅਪ੍ਰੈਲ ’ਚ ਹੋਵੇਗੀ। ਇਸ ਦਾ ਸਿੱਧਾ ਮਤਲੱਬ ਇਹ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਘਰੇਲੂ ਬਾਜ਼ਾਰ ’ਚ ਖਾਣ ਦੇ ਤੇਲ ਦੀਆਂ ਕੀਮਤਾਂ ਹੋਰ ਵਧਣਗੀਆਂ। ਯਾਨੀ ਜਦੋਂ ਤੱਕ ਰੂਸ-ਯੂਕ੍ਰੇਨ ਜੰਗ ਚੱਲਦੀ ਰਹੇਗੀ, ਲੋਕਾਂ ’ਤੇ ਮਹਿੰਗਾਈ ਦੇ ਬੰਬ ਡਿੱਗਦੇ ਰਹਿਣਗੇ।
ਦਰਾਮਦ ਘਟਣ ਨਾਲ ਚੜ੍ਹੀਆਂ ਘਰੇਲੂ ਕੀਮਤਾਂ
ਜੰਗ ਦੀ ਵਜ੍ਹਾ ਨਾਲ ਯੂਕ੍ਰੇਨ ਨੇ ਸੂਰਜਮੁਖੀ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਤੋਂ ਇਲਾਵਾ ਇੰਡੋਨੇਸ਼ੀਆ ਨੇ ਪਾਮ ਆਇਲ ਦੀ ਸਪਲਾਈ ’ਤੇ ਲਗਾਮ ਲਗਾਉਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਦੱਖਣ ਅਮਰੀਕਾ ’ਚ ਸੋਇਆਬੀਨ ਦੀ ਫਸਲ ਘੱਟ ਹੋਈ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਘਰੇਲੂ ਬਾਜ਼ਾਰ ’ਚ ਖਾਣ ਵਾਲੇ ਤੇਲ ਦੀ ਉਪਲੱਬਧਤਾ ਘਟੀ ਅਤੇ ਕੀਮਤਾਂ ਚੜ੍ਹੀਆਂ ਹਨ। ਇਹੀ ਵਜ੍ਹਾ ਹੈ ਕਿ ਇਹ ਸੌਦਾ ਕਾਫ਼ੀ ਜ਼ਿਆਦਾ ਭਾਅ ’ਤੇ ਹੋਇਆ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖਾਣ ਵਾਲੇ ਤੇਲ ਦਰਾਮਦ ਕਰਨ ਵਾਲਾ ਦੇਸ਼ ਹੈ। ਸੂਰਜਮੁਖੀ ਦੇ ਤੇਲ ਦੀ ਹੁਣ ਤੱਕ ਯੂਕ੍ਰੇਨ ਤੋਂ ਹੀ ਜ਼ਿਆਦਾ ਦਰਾਮਦ ਹੁੰਦੀ ਸੀ।
2,150 ਡਾਲਰ ਪ੍ਰਤੀ ਟਨ ’ਤੇ ਹੋਇਆ ਸੌਦਾ
ਜੈਮਿਨੀ ਐਡੀਬਲਸ ਐਂਡ ਫੈਟਸ ਇੰਡੀਆ ਪ੍ਰਾਈਵੇਟ ਲਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਚੌਧਰੀ ਨੇ ਦੱਸਿਆ ਕਿ ਜੰਗ ’ਚ ਫਸੇ ਹੋਣ ਕਾਰਨ ਯੂਕ੍ਰੇਨ ਤੋਂ ਸਪਲਾਈ ਸੰਭਵ ਨਹੀਂ ਹੈ, ਇਸ ਲਈ ਭਾਰਤੀ ਕਾਰੋਬਾਰੀ ਰੂਸ ਤੋਂ ਸਪਲਾਈ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੈਮਿਨੀ ਐਡੀਬਲਸ ਨੇ ਰੂਸ ਤੋਂ 12,000 ਟਨ ਕੱਚਾ ਸੂਰਜਮੁਖੀ ਤੇਲ ਖਰੀਦਣ ਦਾ ਸੌਦਾ ਕੀਤਾ ਹੈ, ਜਿਸ ਦੀ ਸਪਲਾਈ ਅਪ੍ਰੈਲ ’ਚ ਹੋਵੇਗੀ। ਪ੍ਰਦੀਪ ਚੌਧਰੀ ਮੁਤਾਬਕ ਇਹ ਸੌਦਾ 2,150 ਡਾਲਰ ਪ੍ਰਤੀ ਟਨ ’ਤੇ ਹੋਇਆ ਹੈ। ਇਸ ’ਚ ਇੰਸ਼ੋਰੈਂਸ ਅਤੇ ਮਾਲ-ਭਾੜੇ ਦੀ ਲਾਗਤ ਵੀ ਸ਼ਾਮਲ ਹੈ। ਲੜਾਈ ਤੋਂ ਪਹਿਲਾਂ ਕੰਪਨੀ ਨੇ 1,630 ਡਾਲਰ ਪ੍ਰਤੀ ਟਨ ’ਤੇ ਸੂਰਜਮੁਖੀ ਤੇਲ ਦਾ ਦਰਾਮਦ ਕੀਤਾ ਸੀ।