ਚਾਲੂ ਸਾਲ ’ਚ 6.7 ਫੀਸਦੀ ਰਹਿ ਸਕਦੀ ਹੈ ਭਾਰਤ ਦੀ ਵਿਕਾਸ ਦਰ : ਸੰਯੁਕਤ ਰਾਸ਼ਟਰ
Saturday, Jan 15, 2022 - 09:51 AM (IST)

ਨਵੀਂ ਦਿੱਲੀ–ਸੰਯੁਕਤ ਰਾਸ਼ਟਰ ਨੇ ਪਟੜੀ ’ਤੇ ਪਰਤ ਰਹੀਆਂ ਆਰਥਿਕ ਸਰਗਰਮੀਆਂ ਦੇ ਕੋਰੋਨਾ ਦੇ ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਅੱਜ ਜਾਰੀ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਟੀਕਾਕਰਨ ’ਚ ਤੇਜ਼ੀ, ਲਚਕਦਾਰ ਸਮਾਜਿਕ ਹਦਾਇਤਾਂ ਅਤੇ ਸਹਿਯੋਗਾਤਮਕ ਮੁਦਰਾ ਅਤੇ ਵਿੱਤੀ ਨੀਤੀਆਂ ਦੇ ਆਧਾਰ ’ਤੇ ਭਾਰਤ ਸੁਧਾਰ ਦੇ ਰਸਤੇ ’ਤੇ ਅੱਗੇ ਵਧ ਰਿਹਾ ਹੈ ਅਤੇ ਸਾਲ 2021 ’ਚ ਭਾਰਤ ਦੀ ਵਿਕਾਸ ਦਰ 9.0 ਫੀਸਦੀ ਅਤੇ ਚਾਲੂ ਵਿੱਤੀ ਸਾਲ ’ਚ 6.7 ਫੀਸਦੀ ਰਹਿਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ (ਡਬਲਯੂ. ਈ. ਐੱਸ. ਪੀ.) 2022 ਅੱਜ ਜਾਰੀ ਕੀਤੀ ਗਈ।
ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਟੀਕਾਕਰਨ ’ਚ ਤੇਜ਼ੀ ਆਈ ਹੈ ਅਤੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਬਾਵਜੂਦ ਲਚਕਦਾਰ ਸਮਾਜਿਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਮੁਦਰਾ ਅਤੇ ਵਿੱਤੀ ਨੀਤੀਆਂ ਵੀ ਸਹਿਯੋਗਾਤਮਕ ਬਣੀਆਂ ਹੋਈਆਂ ਹਨ, ਜਿਸ ਨਾਲ ਆਰਥਿਕ ਸਰਗਰਮੀਆਂ ਨੂੰ ਮਦਦ ਮਿਲ ਰਹੀ ਹੈ। ਉਸ ਨੇ ਕਿਹਾ ਕਿ ਇਸ ਦੇ ਬਲ ’ਤੇ ਸਾਲ 2021 ’ਚ ਭਾਰਤ ਦੀ ਵਿਕਾਸ ਦਰ 9.0 ਫੀਸਦੀ ਅਤੇ ਚਾਲੂ ਵਿੱਤੀ ਸਾਲ ’ਚ ਇਸ ਦੇ 6.7 ਫੀਸਦੀ ’ਤੇ ਰਹਿਣ ਦਾ ਅਨੁਮਾਨ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੌਮਾਂਤਰੀ ਵਿਕਾਸ ਦੇ ਸਾਹਮਣੇ ਹਾਲੇ ਵੀ ਬਹੁਤ ਵੱਡੀਆਂ ਚੁਣੌਤੀਆਂ ਹਨ। ਇਨਫੈਕਸ਼ਨ ਦੀ ਨਵੀਂ ਲਹਿਰ ਅਤੇ ਕੋਰੋਨਾ ਦੇ ਨਵੇਂ ਵੇਰੀਐਂਟ ਕਾਰਨ ਸੁਧਾਰ ਨੂੰ ਝਟਕਾ ਲੱਗਾ ਹੈ।