ਵਾਧਾ ਅਨੁਮਾਨ ’ਚ ਕਮੀ ਦੇ ਬਾਵਜੂਦ ਭਾਰਤ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ : ਸੰਯੁਕਤ ਰਾਸ਼ਟਰ
Thursday, May 19, 2022 - 06:05 PM (IST)
ਸੰਯੁਕਤ ਰਾਸ਼ਟਰ (ਭਾਸ਼ਾ) – ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਸੰਘਰਸ਼ ਕਾਰਨ ਕੌਮਾਂਤਰੀ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਵਾਧਾ ਵੀ ਪਿਛਲੇ ਸਾਲ ਦੇ 8.8 ਫੀਸਦੀ ਦੀ ਤੁਲਨਾ ’ਚ ਘੱਟ ਹੋ ਕੇ 2022 ’ਚ 6.4 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵਾਧਾ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ।
ਰਿਪੋਰਟ ’ਚ ਕਿਹਾ ਗਿਆ ਕਿ ਉੱਚ ਮਹਿੰਗਾਈ ਦਾ ਦਬਾਅ ਅਤੇ ਲੇਬਰ ਮਾਰਕੀਟ ’ਚ ਅਸਮਾਨ ਰਿਵਾਈਵਲ ਨਾਲ ਨਿੱਜੀ ਖਪਤ ਅਤੇ ਨਿਵੇਸ਼ ਪ੍ਰਭਾਵਿਤ ਹੋ ਰਹੇ ਹਨ। ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਨੇ ਬੁੱਧਵਾਰ ਨੂੰ ‘ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ (ਡਬਲਯ. ਈ. ਐੱਸ. ਪੀ.) ਰਿਪੋਰਟ ਜਾਰੀ ਕੀਤੀ। ਇਸ ’ਚ ਕਿਹਾ ਗਿਆ ਕਿ ਕੌਮਾਂਤਰੀ ਅਰਥਵਿਵਸਥਾ ਦੇ 2022 ’ਚ 3.1 ਫੀਸਦੀ ਦੀ ਦਰ ਨਾਲ ਵਾਧਾ ਕਰਨ ਦਾ ਅਨੁਮਾਨ ਹੈ ਜੋ ਜਨਵਰੀ 2022 ’ਚ ਜਾਰੀ 4.0 ਫੀਸਦੀ ਦੇ ਵਾਧੇ ਦੇ ਅਨੁਮਾਨ ਦੇ ਮੁਕਾਬਲੇ ਘੱਟ ਹੈ।
2022 ’ਚ ਕੌਮਾਂਤਰੀ ਮਹਿੰਗਾਈ ਵੀ 6.7 ਫੀਸਦੀ ਦਰ ਨਾਲ ਵਧਣ ਦਾ ਅਨੁਮਾਨ ਹੈ ਜੋ 2010 ਤੋਂ 2020 ਦੀ ਔਸਤ 2.9 ਫੀਸਦੀ ਦੇ ਮੁਕਾਬਲੇ ਦੁੱਗਣੀ ਹੈ। ਖਾਣ ਵਾਲੀਆਂ ਵਸਤਾਂ ਅਤੇ ਊਰਜਾ ਦੀਆਂ ਕੀਮਤਾਂ ’ਚ ਵੀ ਵਾਧਾ ਹੋ ਰਿਹਾ ਹੈ। ਇਸ ’ਚ ਕਿਹਾ ਗਿਆ ਕਿ ਭਾਰਤ ਦੀ ਅਰਥਵਿਵਸਥਾ ਦੇ 2022 ’ਚ 6.4 ਫੀਸਦੀ ਦੀ ਦਰ ਨਾਲ ਵਾਧੇ ਦੇ ਅਨੁਮਾਨ ਹੈ ਜੋ 2021 ਦੀ 8.8 ਫੀਸਦੀ ਦੀ ਵਾਧਾ ਦਰ ਦੀ ਤੁਲਨਾ ’ਚ ਘੱਟ ਹੈ।