ਭਾਰਤ ਦਾ ਮੌਜੂਦਾ ਵਾਧਾ ਟਿਕਾਊ ਨਹੀਂ, ਪਹਿਲੀ ਛਿਮਾਹੀ ’ਚ ਸਿਖਰ ’ਤੇ ਹੋਵੇਗਾ : ਨੋਮੁਰਾ

Saturday, Dec 11, 2021 - 11:53 AM (IST)

ਭਾਰਤ ਦਾ ਮੌਜੂਦਾ ਵਾਧਾ ਟਿਕਾਊ ਨਹੀਂ, ਪਹਿਲੀ ਛਿਮਾਹੀ ’ਚ ਸਿਖਰ ’ਤੇ ਹੋਵੇਗਾ : ਨੋਮੁਰਾ

ਮੁੰਬਈ (ਭਾਸ਼ਾ) - ਜਾਪਾਨ ਦੀ ਬ੍ਰੋਕਰੇਜ ਕੰਪਨੀ ਨੋਮੁਰਾ ਦਾ ਮੰਨਣਾ ਹੈ ਕਿ ਭਾਰਤ ’ਚ ਵੇਖਿਆ ਜਾ ਰਿਹਾ ਮੌਜੂਦਾ ਆਰਥਿਕ ਵਾਧਾ ਟਿਕਾਊ ਨਹੀਂ ਹੈ ਅਤੇ ਇਹ ਸਾਲ 2022 ਦੀ ਪਹਿਲੀ ਛਿਮਾਹੀ ’ਚ ਸਿਖਰ ’ਤੇ ਪਹੁੰਚ ਜਾਵੇਗਾ। ਨੋਮੁਰਾ ਨੇ ਜਾਰੀ ਆਪਣੇ ਸਾਲਾਨਾ ਸਿਨੇਰਿਓ ’ਚ ਕਿਹਾ ਕਿ ਉੱਚੀ ਮਹਿੰਗਾਈ ਅਤੇ ਵਧਿਆ ਹੋਇਆ ਚਾਲੂ ਖਾਤੇ ਦਾ ਘਾਟਾ ਆਪਣਾ ਅਸਰ ਦਿਖਾਉਣਗੇ ਅਤੇ ਭਾਰਤੀ ਰਿਜ਼ਰਵ ਬੈਂਕ ਕਦਮ ਚੁੱਕਣ ਲਈ ਮਜਬੂਰ ਹੋ ਜਾਵੇਗਾ।

ਨੋਮੁਰਾ ਨੇ ਕਿਹਾ ਕਿ ਭਾਰਤ ਨੇ ਮਹਾਮਾਰੀ ਦੇ ਦੌਰ ’ਚ ਆਰਥਕ ਵਾਧੇ ਨੂੰ ਰਫਤਾਰ ਦੇਣ ਲਈ ਨਰਮ ਨੀਤੀਆਂ ਅਪਣੀਆਂ, ਜਿਸ ਦਾ ਅਸਰ ਉੱਚੀ ਮਹਿੰਗਾਈ ਅਤੇ ਚਾਲੂ ਖਾਤੇ ਦਾ ਘਾਟਾ ਵਧਣ ਦੇ ਰੂਪ ’ਚ ਸਾਹਮਣੇ ਆਇਆ ਹੈ। ਬ੍ਰੋਕਰੇਜ ਫਰਮ ਮੁਤਾਬਕ ਭਾਰਤ ਦੀ ਆਰਥਕ ਮੁੜ-ਸੁਰਜੀਤੀ ਅਸੰਤੁਲਿਤ ਰਹੀ ਹੈ, ਜਿਸ ਨਾਲ ਹੇਠਲੀ ਆਮਦਨ ਵਾਲੇ ਪਰਿਵਾਰਾਂ ਦੀ ਖਪਤ ਘੱਟ ਹੋਈ ਹੈ ਅਤੇ ਆਉਣ ਵਾਲੇ ਸਮੇਂ ’ਚ ਲਗਾਤਾਰ ਰੂਪ ’ਚ ਪੂੰਜੀਗਤ ਖ਼ਰਚੇ ’ਚ ਵਾਧੇ ਦੇ ਵੀ ਆਸਾਰ ਨਹੀਂ ਦਿਸ ਰਹੇ ਹਨ। ਨੋਮੁਰਾ ਦੇ ਵਿਸ਼ਲੇਸ਼ਕਾਂ ਨੇ ਕਿਹਾ, ‘‘ਕੁੱਲ ਮਿਲਾ ਕੇ ਸਾਨੂੰ ਨਹੀਂ ਲੱਗਦਾ ਹੈ ਕਿ ਵਾਧੇ ਦਾ ਮੌਜੂਦਾ ਦੌਰ ਟਿਕਾਊ ਰਹੇਗਾ।

ਮਿਲਆ-ਜੁਲਿਆ ਵਾਧਾ, ਉੱਚੀ ਮਹਿੰਗਾਈ ਅਤੇ ਦੋਹਰੇ ਘਾਟੇ ਵਧਣ ਨਾਲ ਸਾਡਾ ਅੰਦਾਜ਼ਾ ਹੈ ਕਿ ਭਾਰਤ ਦਾ ਰਿਸਕ ਵਧੇਗਾ ਅਤੇ ਆਰ. ਬੀ. ਆਈ. ਨੂੰ ਵਾਧਾ ਚੱਕਰ ਸੰਭਾਲਣ ਲਈ ਅੱਗੇ ਆਉਣਾ ਹੋਵੇਗਾ। ਬ੍ਰੋਕਰੇਜ ਫਰਮ ਨੇ ਕਿਹਾ ਕਿ ਮੁੜ-ਸੁਰਜੀਤੀ ਦੀ ਰਫਤਾਰ ’ਤੇ ਸਪਲਾਈ ਧਿਰ ਨਾਲ ਜੁਡ਼ੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਿਜਲੀ ਦੀ ਕਮੀ ਅਤੇ ਚਿੱਪ ਦੀ ਕਿੱਲਤ ਦੂਰ ਹੋਣ ਤੋਂ ਬਾਅਦ ਇਸ ਦੇ ਨਾਰਮਲ ਹੋ ਜਾਣ ਦੀ ਉਮੀਦ ਹੈ।

ਨੋਮੁਰਾ ਨੇ ਕਿਹਾ, ‘‘ਸਾਡਾ ਅੰਦਾਜ਼ਾ ਹੈ ਕਿ ਭਾਰਤ 2022 ਦੀ ਪਹਿਲੀ ਛਿਮਾਹੀ ’ਚ ਕਾਰੋਬਾਰੀ ਚੱਕਰ ਦੇ ਸਿਖਰ ’ਤੇ ਹੋਵੇਗਾ ਅਤੇ ਦੂਜੀ ਛਿਮਾਹੀ ’ਚ ਇਹ ਰਫਤਾਰ ਸੁਸਤ ਪੈਣ ਲੱਗੇਗੀ। ਵਿਸ਼ਲੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਤੇ ਆਪਣਾ ਨਿਰਪੱਖ ਰੁਖ ਰੱਖਦੇ ਹੋਏ ਕਿਹਾ ਕਿ ਉੱਚੇ ਮੁਲਾਂਕਣ ਦੀ ਵਜ੍ਹਾ ਨਾਲ ਕੁਝ ਚਿੰਤਾਵਾਂ ਹਨ।


author

Harinder Kaur

Content Editor

Related News