ਇਨਕਮ ਰਿਟਰਨ ਫਾਰਮ ਜਾਰੀ, ਬਿਜਲੀ ਖਪਤ ਦੀ ਦੇਣੀ ਹੋਵੇਗੀ ਜਾਣਕਾਰੀ

05/31/2020 5:23:05 PM

ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਰਮ ਜਾਰੀ ਕਰ ਦਿੱਤੇ ਹਨ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਮੁਲਾਂਕਣ ਸਾਲ 2020-21 ਲਈ ਸਹਿਜ (ਆਈ. ਟੀ. ਆਰ.-1) ਫਾਰਮ, ਆਈ. ਟੀ. ਆਰ.-2 ਫਾਰਮ, ਆਈ. ਟੀ. ਆਰ.-3 ਫਾਰਮ, ਸੁਗਮ (ਆਈ. ਟੀ. ਆਰ.-4), ਆਈ. ਟੀ. ਆਰ.-5 ਫਾਰਮ, ਆਈ. ਟੀ. ਆਰ.-6, ਆਈ. ਟੀ. ਆਰ.-7 ਫਾਰਮ ਅਤੇ ਆਈ. ਟੀ. ਆਰ.-ਵੀ ਫਾਰਮ ਜਾਰੀ ਕੀਤੇ ਹਨ। 

ਨਵੇਂ ਫਾਰਮ 'ਚ ਜ਼ਿਆਦਾ ਖਰਚ ਕਰਨ ਵਾਲਿਆਂ ਨੂੰ ਵਿਦੇਸ਼ ਯਾਤਰਾ, ਜ਼ਿਆਦਾ ਬਿਜਲੀ ਖਪਤ ਤੇ ਚਾਲੂ ਖਾਤੇ 'ਚ ਜਮ੍ਹਾ ਵੱਡੀ ਰਾਸੀ ਬਾਰੇ ਜਾਣਕਾਰੀ ਦੇਣੀ ਹੋਵੇਗੀ। ਚਾਲੂ ਖਾਤੇ 'ਚ ਇਕ ਕਰੋੜ ਰੁਪਏ ਤੋਂ ਵੱਧ ਰਕਮ, ਵਿਦੇਸ਼ ਯਾਤਰਾ 'ਤੇ 2 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਦਾ ਖਰਚ ਜਾਂ ਸਾਲ ਦੌਰਾਨ 1 ਲੱਖ ਰੁਪਏ ਤੋਂ ਜ਼ਿਆਦਾ ਬਿਜਲੀ ਖਪਤ ਵਰਗੇ ਵੱਡੇ ਲੈਣ-ਦੇਣ ਦੀ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ।

 30 ਜੂਨ ਤੱਕ ਦੇ ਨਿਵੇਸ਼ 'ਤੇ ਮਿਲੇਗੀ ਛੋਟ
ਕੋਵਿਡ-19 ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਇਨਕਮ ਟੈਕਸ ਰਿਟਰਨ ਦਾਖਲ ਕਰਨ ਨੂੰ ਲੈ ਕੇ ਦਿੱਤੀਆਂ ਗਈਆਂ ਵੱਖ-ਵੱਖ ਛੋਟਾਂ ਦਾ ਫਾਇਦਾ ਟੈਕਸਦਾਤਾਵਾਂ ਤੱਕ ਪਹੁੰਚਾਉਣ ਲਈ ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2019-20 ਦੇ ਆਈ. ਟੀ. ਆਰ. ਫਾਰਮ 'ਚ ਸੋਧ ਕੀਤੀ ਹੈ।
ਸਰਕਾਰ ਨੇ ਇਨਕਮ ਟੈਕਸ ਆਰਡੀਨੈਂਸ-1961 ਤਹਿਤ ਰਿਟਰਨ ਦਾਖਲ ਕਰਨ ਦੀ ਸਮਾਂ ਹੱਦ 'ਚ ਕਈ ਰਿਆਇਤਾਂ ਦਿੱਤੀਆਂ ਹਨ। ਇਸ ਲਈ ਸਰਕਾਰ ਟੈਕਸੇਸ਼ਨ ਅਤੇ ਹੋਰ ਐਕਟ (ਕੁਝ ਵਿਵਸਥਾਵਾਂ ਤੋਂ ਰਾਹਤ) ਆਰਡੀਨੈਂਸ-2020 ਲੈ ਕੇ ਆਈ ਹੈ। ਇਸ ਦੇ ਹਿਸਾਬ ਨਾਲ ਇਨਕਮ ਟੈਕਸ ਦੀ ਧਾਰਾ 80 ਸੀ, 80ਡੀ ਅਤੇ 80ਜੀ ਆਦਿ ਤਹਿਤ ਲਈ ਜਾਣ ਵਾਲੀ ਛੋਟ ਲਈ ਅੰਤਿਮ ਨਿਵੇਸ਼ ਦੀ ਤਰੀਕ ਵਧਾ ਕੇ 30 ਜੂਨ 2020 ਕਰ ਦਿੱਤੀ ਗਈ ਹੈ। 

ਕਲੀਅਰ ਟੈਕਸ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਅਰਚਿਤ ਗੁਪਤਾ ਨੇ ਕਿਹਾ ਕਿ ਨਵੇਂ ਫਾਰਮ 'ਚ ਵਿੱਤੀ ਸਾਲ 2019-20 ਲਈ ਨਿਵੇਸ਼ ਛੋਟ ਦਾ ਫਾਇਦਾ ਲੈਣ ਲਈ 2020-21 ਦੀ ਪਹਿਲੀ ਤਿਮਾਹੀ 'ਚ ਕੀਤੇ ਗਏ ਨਿਵੇਸ਼ ਦੀ ਵੱਖ ਤੋਂ ਜਾਣਕਾਰੀ ਦੇਣ ਦੀ ਜ਼ਰੂਰਤ ਹੋਵੇਗੀ।


Sanjeev

Content Editor

Related News